ਮੈਂ ਵਾਰਿਸ ਵਾਰਿਸ ਕੂਕਦੀ

ਗੱਲ ਪਾ ਕੇ ਕਫ਼ਨੀ ਹਿਜਰ ਦੀ
ਮੈਂ ਜਿਉਂਦੀ ਪੈ ਗਈ ਗੋਰ ਵੇ
ਮੈਂ ਹੀਰ ਸਾਂ ਰਾਂਝਣ ਯਾਰ ਦੀ
ਮੈਨੂੰ ਲੁੱਟ ਕੇ ਲੈ ਗਏ ਹੋਰ ਵੇ
ਕਿਸੇ ਕਦਰ ਨਾ ਪਾਈ ਹੂਕ ਦੀ
ਮੈਂ ਵਾਰਿਸ ਵਾਰਿਸ ਕੂਕਦੀ
ਮੈਂ ਅਪਣਾ ਆਪ ਵਿਸਾਰਿਆ
ਮੈਂ ਮੁਲਕੀ ਦਾ ਅੰਗ ਧਾਰਿਆ
ਅੱਜ ਦੇ ਕੇ ਗੁੜ ਦੀ ਜ਼ਹਿਰਵੀ
ਮੈਂ ਆਪਣੇ ਆਪ ਨੂੰ ਮਾਰਿਆ
ਕਿਉਂ ਪੇਚਾ ਪਾਉਂਦੀ ਇਸ਼ਕ ਦਾ
ਮੇਰੇ ਹੱਥੋਂ ਟੁੱਟ ਗਈ ਡੋਰ ਵੇ
ਮੈਂ ਹੀਰ ਸਾਂ ਰਾਂਝਣ ਯਾਰ ਦੀ
ਮੈਨੂੰ ਲੁੱਟ ਕੇ ਲੈ ਗਏ ਹੋਰ ਵੇ

ਕੋਈ ਦਿਲ ਦੀਆਂ ਰਮਜ਼ਾਂ ਜਾਣ ਦਾ
ਕੋਈ ਜੀਵ ਦਾ ਰੋਗ ਪਛਾਣ ਦਾ
ਕੋਈ ਕਬਰੀਂ ਦੀਵੇ ਬਾਲ ਦਾ
ਕੋਈ ਮਾਣ ਵਧਾਉਂਦਾ ਮਾਣ ਦਾ
ਮੇਰੇ ਵਿਹੜੇ ਸੁੰਝ ਨਾ ਸ਼ੂਕਦੀ
ਇਥੇ ਪੈਲਾਂ ਪਾਉਂਦੇ ਮੋਰ ਵੇ
ਮੈਂ ਹੀਰ ਸਾਂ ਰਾਂਝਣ ਯਾਰ ਦੀ
ਮੈਨੂੰ ਲੁੱਟ ਕੇ ਲੈ ਗਏ ਹੋਰ ਵੇ

ਹੱਸ ਹੱਸ ਕੇ ਮੌਤਾਂ ਸਹਿਣ ਵੇ
ਕਿਵੇਂ ਹੀਰਾਂ ਜਿਉਂਦੀਆਂ ਰਹਿਣ ਵੇ
ਅੱਜ ਬਹਿ ਕੇ ਆਪਣੀ ਲਾਸ਼ ਤੇ
ਅਸੀਂ ਆਪ ਕਰੀਏ ਵੈਣ ਵੇ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 83 ( ਹਵਾਲਾ ਵੇਖੋ )