ਲੂੰ ਲੂੰ ਰਾਂਝਾ ਰਾਂਝਾ ਬੋਲੇ ਅੰਗ ਅੰਗ ਪਹਿਰੇ ਕੈਦੋ ਦੇ

ਲੂੰ ਲੂੰ ਰਾਂਝਾ ਰਾਂਝਾ ਬੋਲੇ ਅੰਗ ਅੰਗ ਪਹਿਰੇ ਕੈਦੋ ਦੇ
ਉਤੋਂ ਖੇੜੇ ਵੇਖ ਰਹੀ ਆਂ ਅੱਗੇ ਪਿੱਛੇ ਕੈਦੋ ਦੇ

ਚੂਚਕ , ਮਲਕੀ ਆਖ਼ਿਰ ਆਪਣੀ ਧੀ ਨੂੰ ਝਿੜਕਣ ਲੱਗ ਪਏ ਨੇਂ
ਕਿੰਨਾ ਕੁ ਚਿਰ ਸਹਿੰਦੇ ਰਹਿੰਦੇ ਤਾਣੇ ਮਿਹਣੇ ਕੈਦੋ ਦੇ

ਮੈਂ ਵਾਰਿਸ ਦੀ ਹੀਰ ਸਲੇਟੀ ਨਾਲੋਂ ਕੋਈ ਘੱਟ ਤੇ ਨਹੀਂ
ਉਹੋ ਚਾਲੇ ਉਹੋ ਹੀਲੇ ਕਾਜ਼ੀ ਦੇ ਤੇ ਕੈਦੋ ਦੇ

ਮੇਰੇ ਮਗਰੋਂ ਸਿੱਟੇ ਸਈਆਂ ਚੁੱਪ ਕੀਤੇ ਪਰਨੀ ਗਈਆਂ
ਅੱਖਾਂ ਮੀਟ ਕੇ ਡੋਲੀ ਚੜ੍ਹੀਆਂ ਆਖੇ ਲੱਗ ਗਏ ਕੈਦੋ ਦੇ

ਮੌਜੂ ਜੱਟ ਦਾ ਪੁੱਤਰ ਹੋ ਕੇ ਚੋਰੀ ਚੂਰੀ ਖਾਹਦੀ ਸੂ
ਨਹੀਂ ਤੇ ਪੱਲੇ ਕੀ ਹੈਗਾ ਸੀ ਲੂਲੇ ਲੰਗੇ ਕੈਦੋ ਦੇ

ਕਣ ਪੜਵਾ ਕੇ ਜੋਗੀ ਹੋਣਾ ਕਿਥੋਂ ਦੀ ਵਡਿਆਈ ਏ?
ਰਾਂਝਾ ਸੀ ਤੇ ਗੱਲ ਮਨਵਾਂਦਾ ਸਿਰ ਤੇ ਚੜ੍ਹ ਕੇ ਕੈਦੋ ਦੇ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 41 ( ਹਵਾਲਾ ਵੇਖੋ )