ਬੱਸ ਮੈਂ ਆਪਣੇ ਆਪ ਦੀ ਮੁਨਕਰ ਨਹੀਂ ਹੋਈ

ਬੱਸ ਮੈਂ ਆਪਣੇ ਆਪ ਦੀ ਮੁਨਕਰ ਨਹੀਂ ਹੋਈ
ਨਹੀਂ ਤੇ ਤੇਰੇ ਪਿੱਛੇ ਕਾਫ਼ਰ ਨਹੀਂ ਹੋਈ?

ਉੱਚੀ ਅੱਡੀ ਵਾਲੀ ਜੁੱਤੀ ਪਾ ਕੇ ਵੀ
ਮੈਂ ਸ਼ਿਮਲੇ ਦੇ ਕੱਦ ਬਰਾਬਰ ਨਹੀਂ ਹੋਈ

ਉਹ ਮੇਰੇ ਲਈ ਤਾਰੇ ਤੋੜ ਲਿਆਇਆ ਏ
ਦਿਲ ਦੀ ਧਰਤੀ ਐਵੇਂ ਅੰਬਰ ਨਹੀਂ ਹੋਈ

ਤਿੰਨ ਫੁੱਟ ਉਤੇ ਆਂ ਤੇ ਤੀਹ ਫੁੱਟ ਥੱਲੇ ਆਂ
ਮੈਂ ਜਿੰਨੀ ਆਂ ਓਨੀ ਜ਼ਾਹਰ ਨਹੀਂ ਹੋਈ

ਜੋ ਜੋ ਕਹਿੰਦਾ ਏ ਮੈਂ ਮੰਨੀ ਜਾਨੀ ਆਂ
ਗੱਲ ਅਜੇ ਤੱਕ ਸਮਝੋਂ ਬਾਹਰ ਨਹੀਂ ਹੋਈ

ਸੋਚ ਜ਼ਰਾ ਤੂੰ ਇੰਜ ਦੀ ਕੋਈ ਸਧਰ ਏ?
ਜਿਹੜੀ ਤੈਨੂੰ ਵੇਖ ਕੇ ਤਿੱਤਰ ਨਹੀਂ ਹੋਈ

ਵੇਖਣ ਵਾਲੇ ਵੇਖਕੇ ਪੱਥਰ ਹੋ ਗਈ ਏ
ਤਾਹਿਰਾ ਸ਼ੀਸ਼ਾ ਵੇਖ ਕੇ ਪੱਥਰ ਨਹੀਂ ਹੋਈ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 33 ( ਹਵਾਲਾ ਵੇਖੋ )