ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਈਂ

ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਈਂ
ਜੇ ਕਰ ਮੇਰੀ ਵੀ ਏ ਕੀ ਮੈਂ ਤੇਰੀ ਨਈਂ?

ਓਹ ਕਹਿੰਦਾ ਏ ਪਿਆਰ ਤੇ ਜੰਗ ਵਿਚ ਜਾਇਜ਼ ਏ ਸਭ
ਮੈਂ ਕਹਿਨੀ ਆਂ ਊਂ ਹੂੰ ਹੇਰਾ ਫੇਰੀ ਨਈਂ

ਕਿਸਰਾਂ ਡਰ ਦਾ ਘੁਣ ਖਾ ਜਾਂਦਾ ਏ ਨੀਂਦਰ ਨੂੰ
ਤੂੰ ਕੀ ਜਾਨੇਂ ਤੇਰੇ ਘਰ ਜੋ ਬੇਰੀ ਨਈਂ

ਮੇਰੀ ਮਨ ਤੇ ਅੱਪਣੇ ਅੱਪਣੇ ਰਾਹ ਪਈਏ
ਕੀ ਕਹਿਣਾ ਏਂ! ਜਿੰਨੀ ਹੋਈ ਬਥੇਰੀ ਨਈਂ?

ਤਾਹਿਰਾ ਪਿਆਰ ਦੀ ਖ਼ੌਰੇ ਕਿਹੜੀ ਮੰਜ਼ਿਲ ਏ
ਸਭ ਕੁੱਝ ਮੇਰਾ ਏ ਪਰ ਮਰਜ਼ੀ ਮੇਰੀ ਨਈਂ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ ਲਾਹੌਰ 2018؛ ਸਫ਼ਾ 13