ਸ਼ਾਲਾ ਮੁਸਾਫ਼ਰ ਕੋਈ ਨਾ ਥੀਵੇ

ਆਪਣਿਆਂ ਨਾਲ ਰੁਸ ਕੇ
ਇਕ ਨਿਮਾਣਾ ਪੱਖੀ
ਛੱਡ, ਦੇਸਾਂ ਨੂੰ ਟੁਰਿਆ ।
ਨਵੇਂ ਦੇਸ ਦੇ ਚਾਵਾਂ ਦੇ ਵਿੱਚ
ਖੁੱਲ੍ਹੀਆਂ ਮਸਤ ਹਵਾਵਾਂ ਦੇ ਵਿੱਚ
ਉੱਚਾ ਹੋ ਹੋ ਉੱਡਿਆ
ਉਹ ਫੇਰ ਕਦੀ ਨਾ ਮੁੜਿਆ ।

ਕੁਝ ਚਿਰਾਂ ਦੇ ਮਗਰੋਂ
ਉਸ ਆਲਾ ਦੁਆਲਾ ਤੱਕਿਆ
ਬਾਲਪਣੇ ਦੇ ਸੰਗੀਆਂ ਵਿੱਚੋਂ
ਨਾ ਇਕ ਵੀ ਉਸ ਨੂੰ ਲੱਭਿਆ ।
ਉਹ ਉੱਚਾ ਹੋ ਹੋ ਉੱਡਿਆ
ਉਹ ਫੇਰ ਕਦੀ ਨਾ ਮੁੜਿਆ ।

ਫੇਰ ਕੁਝ ਵੇਲਾ ਲੰਘਿਆ
ਰੁੱਤ ਵਿਛੜਣ ਦੀ ਆਈ
ਪੂਰੇ ਵਰ੍ਹੇ ਤੇ ਮੁੜ ਕੇ ਉਹਨੇ
ਪਿਛ੍ਹਾਂ ਨੂੰ ਝਾਤੀ ਪਾਈ ।
ਗ਼ੈਰਾਂ ਦੀ ਉਹਨੂੰ ਇਕ ਇਕ ਬੋਲੀ
ਇਕ ਇਕ ਗੱਲ ਚੇਤੇ ਆਈ
ਉਹ ਉੱਚਾ ਹੋ ਹੋ ਉੱਡਿਆ
ਉਹ ਫੇਰ ਕਦੀ ਨਾ ਮੁੜਿਆ ।

ਆਖ਼ਰ ਮੁੱਦਤ ਪਿੱਛੋਂ
ਇਕ ਦਿਨ ਬੱਦਲ ਵੱਸਿਆ
ਵਾਅ ਇਸ ਰੁਖ਼ ਦੀ ਚੱਲੀ ।
ਉਹਨੂੰ ਆਪਣੇ ਦੇਸ ਦੇ ਵੱਲੋਂ
ਮਿੱਟੀ ਨੇ ਖ਼ੁਸ਼ਬੋ ਘੱਲੀ
ਮਾਂ ਨੇ ਖ਼ੁਸ਼ਬੋ ਘੱਲੀ ।
ਉਹ ਨੀਵਾਂ ਉਡਦਾ ਆਇਆ
ਇਕ ਉਜੜੇ ਰੁੱਖ ਬਹਿ ਕੇ
ਉਹ ਕੂੰਜ ਵਾਂਗੂੰ ਕੁਰਲਾਇਆ ।
ਤੇ ਵਿੱਚ ਪ੍ਰਦੇਸ ਦੇ ਕੱਟਿਆ
ਉਹਨੂੰ ਇਕ ਇਕ ਦੁੱਖ ਯਾਦ ਆਇਆ
ਉਸ ਜੱਗ ਨੂੰ ਆਖ ਸੁਣਾਇਆ-
'ਗ਼ੈਰਾਂ ਚੰਗਿਆਂ ਕੋਲੋਂ ਵੀ
ਆਪਣੇ ਮੰਦੇ ਚੰਗੇ
ਪ੍ਰਦੇਸ ਦੇ ਫੁੱਲਾਂ ਕੋਲੋਂ ਵੀ
ਦੇਸ ਦੇ ਕੰਡੇ ਚੰਗੇ' ।

ਹੁਣ ਉਹ ਨਿਮਾਣਾ ਪੱਖੀ
ਜਦ ਸ਼ਾਮ ਪਵੇ ਘਰ ਆਵੇ
ਕੱਖੋਂ ਹੌਲਾ ਪ੍ਰਦੇਸੀ
ਆਪਣੇ ਆਲ੍ਹਣੇ ਸੇ ਵਿੱਚ ਲੁਕ ਕੇ
ਬੁਕ ਬੁਕ ਨੀਰ ਵਹਾਵੇ-
'ਕੋਈ ਇੰਜ ਪ੍ਰਦੇਸ ਨਾ ਜਾਵੇ
'ਕੋਈ ਇੰਜ ਪ੍ਰਦੇਸ ਨਾ ਜਾਵੇ' ।