ਹੀਰ ਵਾਰਿਸ ਸ਼ਾਹ

ਮੁਲਕੀ ਆਖਦੀ ਲੜਿਓਂ ਜੇ ਨਾਲ਼ ਚੂਚਕ

ਮੁਲਕੀ ਆਖਦੀ ਲੜਿਓਂ ਜੇ ਨਾਲ਼ ਚੂਚਕ
ਕੋਈ ਸੁਖ਼ਨ ਨਾ ਜੀਵ ਤੇ ਲਿਆਵਣਾ ਈ

ਕੇਹਾ ਮਾਪਿਆਂ ਪੁੱਤਰਾਂ ਲੜਨ ਹੁੰਦਾ
ਤੁਸਾਂ ਖੱਟਣਾ ਤੇ ਅਸਾਂ ਖਾਵਣਾ ਈ

ਛਿੜ ਮਾਲ ਦੇ ਨਾਲ਼ ਮੈਂ ਘੋਲ਼ ਘੱਤੀ
ਸ਼ਾਮੂ ਸ਼ਾਮ ਰਾਤੀਂ ਘਰੀਂ ਆਉਣਾ ਈ

ਤੂੰ ਹੀ ਚੋਈਕੇ ਦਿਵਾ ਜਮਾ ਵਿਨਾਈ
ਤੂੰ ਹੀ ਹੀਰ ਦਾ ਪੁਲਿੰਗ ਵਛਾਵਨਾ ਈ

ਕੁੜੀ ਕੱਲ੍ਹ ਦੀ ਤੇਰੇ ਤੂੰ ਰੁੱਸ ਬੈਠੀ
ਤੂੰ ਹੀ ਉਸ ਨੂੰ ਆ ਮੁਨਾਵਣਾ ਈ

ਮੰਗੂ ਮਾਲ ਸਿਆਲ਼ ਤੇ ਹੀਰ ਤੇਰੀ
ਨਾਲੇ ਘੂਰਨਾ ਤੇ ਨਾਲੇ ਖਾਵਣਾ ਈ

ਮੰਗੂ ਛੇੜ ਕੇ ਝੱਲ ਵਿਚ ਮੀਆਂ ਵਾਰਿਸ
ਅਸਾਂ ਤਖ਼ਤ ਹਜ਼ਾਰੇ ਨੂੰ ਜਾਵਣਾ ਈ