ਹੀਰ ਵਾਰਿਸ ਸ਼ਾਹ

ਘੋੜਾ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ

ਘੋੜਾ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ
ਨਫ਼ਸ ਮਾਰਨਾ ਕੰਮ ਭੁਜੰਗੀਆਂ ਦਾ

ਛੱਡ ਜ਼ਰਾਂ ਤੇ ਹੁਕਮ ਫ਼ਕੀਰ ਹੋਵਣ
ਇਹ ਕੰਮ ਹੈ ਮਾਹਣੂਆਂ ਚੰਗੀਆਂ ਦਾ

ਇਸ਼ਕ ਕਰਨ ਤੇ ਤੇਗ਼ ਦੀ ਧਾਰ ਕੁਪਨ
ਨਹੀਂ ਕੰਮ ਇਹ ਭੁੱਖੀਆਂ ਨੰਗੀਆਂ ਦਾ

ਜਿਹੜੇ ਮਰਨ ਸੋ ਫ਼ਕ਼ਰ ਥੀਂ ਹੋਣ ਵਾਕਫ਼
ਨਹੀਂ ਕੰਮ ਇਹ ਮਰਨ ਥੀਂ ਸੰਗੀਆਂ ਦਾ

ਇਥੇ ਥਾਉਂ ਨਹੀਂ ਅੜਬਨਗਿਆਂ ਦਾ
ਫ਼ਕ਼ਰ ਕੰਮ ਹੈ ਸਿਰਾਂ ਥੋਂ ਲੰਘੀਆਂ ਦਾ

ਸ਼ੌਕ ਮਿਹਰ ਤੇ ਸਿਦਕ ਯਕੀਨ ਬਾਝੋਂ
ਕਿਹਾ ਫ਼ਾਇਦਾ ਟੁਕੜੀਆਂ ਮੰਗੀਆਂ ਦਾ

ਵਾਰਿਸ ਸ਼ਾਹ ਜੋ ਇਸ਼ਕ ਦੇ ਰੰਗ ਰੁੱਤੇ
ਕੁੰਦੀ ਆਪ ਹੈ ਰੰਗਦੀਆਂ ਰੰਗੀਆਂ ਦਾ