ਸੋ ਭੇਦ ਪਰਮ ਦਾ ਸਮਝ ਲਿਓ ਸੇ

ਸੋ ਭੇਦ ਪਰਮ ਦਾ ਸਮਝ ਲਿਓ ਸੇ
ਹਿੱਕ ਬੰਸੀ ਬੇ ਆਵਾਜ਼ ਕਿਨੂੰ

ਕਾਹਨ ਕੱਥ ਹਿੱਕ ਬੀਨ ਬਿਜਾਈ
ਸਬਦ ਸੁਣਾ, ਸਭ ਸੁਰਤ ਗੰਵਾਈ
ਅਸਲੋਂ ਸ਼ੁੱਧ ਬੁੱਧ ਰਹੀ ਨਾ ਕਾਈ
ਰੋਜ਼ਾ ਤੇ ਨਫ਼ਲ ਨਮਾਜ਼ ਕਿਨੂੰ

ਆਲਮ, ਫ਼ਾਜ਼ਲ, ਸ਼ੇਖ਼ ਯਗਾਨੇ
ਆ ਕੇ ਵਹਦਤ ਦੇ ਮੈਖ਼ਾਨੇ
ਬੇਸਿਰ ਫਿਰਨ ਸਦਾ ਮਸਤਾਨੇ
ਇਹੀਂ ਸਾਕੀ ਦੇ ਹਿੱਕ ਨਾਜ਼ ਕਿਨੂੰ

ਸੂਰਤ ਦੇ ਵਿਚ ਭੇਦ ਨਿਆਰੇ
ਹੁਸਨ ਹਕੀਕੀ ਦੇ ਚਮਕਾਰੇ
ਬੁਝਣ ਮੁਹੱਬਤ ਦੇ ਵਣਜਾਰੇ
ਜੀਂ ਪਾਤੀ ਰਮਜ਼ ਮਿਜ਼ਾਜ਼ ਕਿਨੂੰ

ਅੱਜ ਕੱਲ੍ਹ ਪਾਤਾ ਜ਼ੌਕ ਪਸਾਰਾ
ਥੀਆ ਲਾਜ਼ਿਮ ਹਰ ਵਕਤ ਨਜ਼ਾਰਾ
ਭੁੱਲ ਗਿਆ ਮਹਿਜ਼ ਇਲਮ ਗ਼ਮ ਸਾਰਾ
ਦਿਲ ਨਖੱਤੀ ਦਰਦ ਗੁਦਾਜ਼ ਕਿਨੂੰ

ਬੁਝ ਗਏ ਇਲਮ ਸ਼ਰੀਅਤ ਵਾਲੇ
ਨਖਤੇ ਰਾਹ ਤਰੀਕਤ ਵਾਲੇ
ਸਿਰ ਇਸਰਾਰ ਹਕੀਕਤ ਵਾਲੇ
ਹਿੱਕ ਨਾਜ਼ ਨਜ਼ਰ ਦੇ ਰਾਜ਼ ਕਿਨੂੰ

ਆਲਮ ਵਹਿਮ ਖ਼ਿਆਲ ਡਸੀਜੇ
ਪੇਚ ਫ਼ਰੇਬ ਦੇ ਜਾਲ਼ ਡਸੀਜੇ
ਕੱਲ੍ਹ ਸ਼ੈ ਅਕਸ ਜ਼ਲਾਲ ਡਸੀਜੇ
ਇਸ ਵੱਲ ਵੱਲ ਜ਼ੁਲਫ਼ ਦਰਾਜ਼ ਕਿਨੂੰ

ਜੋਗੀ ਇਸ਼ਕ ਸਿਰ ਆਇਆ ਜ਼ੋਰੀ
ਪਈ ਗੱਲ ਪੀਤ ਪ੍ਰੀਤ ਦੀ ਡੋਰੀ
ਦਿਲ ਨੂੰ ਲਾਗੀ ਪਰਮ ਕਟੋਰੀ
ਸੋਹਣੇ ਦਿਲਬਰ ਦੇ ਅੰਦਾਜ਼ ਕਿਨੂੰ

ਹਵਾਲਾ: ਆਖਿਆ ਮੀਆਂ ਜੋਗੀ ਨੇ; ਆਸਿਫ਼ ਖ਼ਾਨ; ਸਫ਼ਾ 85 ( ਹਵਾਲਾ ਵੇਖੋ )