ਉੱਚਿਆਂ ਟਿੱਬਿਆਂ ਤੇ

(1)
ਉੱਚਿਆਂ ਟਿੱਬਿਆਂ ਤੇ ਮੈਂ ਬੈਠਾ
ਮੁਠੀਓਂ ਧੂੜ ਉਡਾਵਾਂ
ਮੁਠੀਓਂ ਕਿਰਕੇ ਮੈਂ ਵੀ ਕਿਧਰੇ
ਦੂਰ ਕਿਤੇ ਉੱਡ ਜਾਵਾਂ
ਕਿਸੇ ਬਸੰਤੀ ਫੁੱਲ ਦੀ ਚਾਦਰ
ਤੇ ਜਾ ਕੇ ਸੌਂ ਜਾਵਾਂ
ਹਰੇ ਕਚੋਰ ਪੱਤਰ ਦੇ ਤਬਕੇ
ਨੈਣਾਂ ਵਿਚ ਡਿੱਗਾਵਾਂ
ਉਮਰਾਂ ਦੀ ਮੈਂ ਪਿਆਸ ਮਿਟਾਵਾਂ
ਤੇ ਹਰਿਆਂ ਹੋ ਜਾਵਾਂ
ਉੱਚਿਆਂ ਟਿੱਬਿਆਂ ਤੇ

(2)
ਉੱਚਿਆਂ ਟਿੱਬਿਆਂ ਤੇ ਮੈਂ ਬੈਠਾ
ਮੁਠੀਓਂ ਧੂੜ ਉਡਾਵਾਂ
ਮੁਠੀਓਂ ਕਿਰਕੇ ਮੈਂ ਕਿਧਰੇ
ਦੂਰ ਕਿਤੇ ਉੱਡ ਜਾਵਾਂ
ਉੱਡ ਕਿਸੇ ਆਸ਼ਿਕ ਦੀ ਕਬਰੇ
ਮੈਂ ਜਾ ਕੇ ਬਿਹ ਜਾਵਾਂ
ਫਿੱਕੀ ਮਹਿੰਦੀ ਵਾਲੇ ਹੱਥ ਦੇ,
ਪਾਏ ਚੌਲ ਮੈਂ ਖਾਵਾਂ
ਟੁੱਟੀ ਚੁੰਝ ਨਾਲ਼ ਕੱਢ ਦੋ ਕਬਰਾਂ
ਦੋਹਾਂ ਵਿਚ ਸੌਂ ਜਾਵਾਂ
ਉੱਚਿਆਂ ਟਿੱਬਿਆਂ ਤੇ

(3)
ਉੱਚਿਆਂ ਟਿੱਬਿਆਂ ਤੇ ਮੈਂ ਬੈਠਾ
ਮੁਠੀਓਂ ਧੂੜ ਉਡਾਵਾਂ
ਮੁਠੀਓਂ ਕਿਰਕੇ ਮੈਂ ਕਿਧਰੇ
ਦੂਰ ਕਿਤੇ ਉੱਡ ਜਾਵਾਂ
ਕਿਸੇ ਜੋਗੀ ਦੇ ਮੋਡੀਂ ਬਿਹ ਕੇ
ਪਰਦੇਸਾਂ ਵੱਲ ਜਾਵਾਂ
ਉਸ ਜੋਗੀ ਦੇ ਤਿਲਕ ਦੀ ਸੁਰਖ਼ੀ
ਨੀਲੇ ਹੋਠੀਂ ਲਾਵਾਂ
ਉਸ ਸੁਰਖ਼ੀ ਨਾਲ਼ ਸੂਰਜ ਬਾਲਾਂ
ਜੀਵਨ ਨੂੰ ਰੁਸ਼ਨਾਵਾਂ
ਉੱਚਿਆਂ ਟਿੱਬਿਆਂ ਤੇ

ਹਵਾਲਾ: ਨਾਲ਼ ਸੱਜਣ ਦੇ ਰਹੀਏ, ਅਫ਼ਜ਼ਲ ਸਾਹਿਰ; ਸਾਂਝ ਲਾਹੌਰ 2011؛ ਸਫ਼ਾ 23 ( ਹਵਾਲਾ ਵੇਖੋ )