ਉਜੜੀ ਝੋਕ ਵਸਾ

ਉਜੜੀ ਝੋਕ ਵਸਾ
ਸਾਈਂ!
ਸਾਡੀ ਉਜੜੀ ਝੋਕ ਵਸਾ
ਪਈ ਬਲਦੀ ਹਰ ਥਾਂ ਭਾ
ਸਾਈਂ!
ਸਾਡੀ ਉਜੜੀ ਝੋਕ ਵਸਾ

ਅਸੀਂ ਲੱਖਾਂ ਏਕੜ ਬੀਜੇ
ਸਾਡਾ ਫ਼ਿਰ ਵੀ ਮੰਦਾ ਹਾਲ
ਸਾਡੀ ਮਝੀਂ ਬਾਦੀ ਹੋ ਗਈ
ਸਾਡੇ ਵਿਚ ਭੜੋਲੇ ਕਾਲ਼
ਸਾਡੇ ਵਿਹੜ੍ਹੇ ਸੁੰਨੇ ਹੋ ਗਏ
ਹਰ ਪਾਸੇ ਉੱਗਿਆ ਘਾ
ਸਾਈਂ!
ਸਾਡੀ ਉਜੜੀ ਝੋਕ ਵਸਾ

ਅਸੀਂ ਵਿਚ ਖ਼ਲਾਵਾਂ ਵੱਸੀਏ
ਤੇ ਲੋਭਾਂ ਸਾਡਾ ਦੇਸ਼
ਅਸੀਂ ਆਪੋ ਆਪ ਤਾਂ ਮੰਗਤੇ
ਬਾਹਰ ਖੜੇ ਦਰਵੇਸ਼

ਅਸੀਂ ਅੱਖੀਂ ਮੱਖੀ ਵੇਖ ਕੇ
ਚੁੱਪ ਕਰਕੇ ਲਈਏ ਖਾ
ਸਾਈਂ!
ਸਾਡੀ ਉਜੜੀ ਝੋਕ ਵਸਾ

ਹਵਾਲਾ: ਨਾਲ਼ ਸੱਜਣ ਦੇ ਰਹੀਏ, ਅਫ਼ਜ਼ਲ ਸਾਹਿਰ; ਸਾਂਝ ਲਾਹੌਰ 2011؛ ਸਫ਼ਾ 27 ( ਹਵਾਲਾ ਵੇਖੋ )