ਅਸੀਂ ਭੁੱਖੇ ਭਾਣੇ ਲੋਕ ਸੀ ਸਾਹਨੋਂ ਦੌਲਤ ਲੱਭੀ

ਅਸੀਂ ਭੁੱਖੇ ਭਾਣੇ ਲੋਕ ਸੀ
ਸਾਹਨੋਂ ਦੌਲਤ ਲੱਭੀ
ਫ਼ਿਰ ਨੋਟਾਂ ਦੇ ਇਕ ਢੇਰ ਵਿਚ
ਅਸਾਂ ਗ਼ੈਰਤ ਦੱਬੀ

ਸਾਡੀ ਪੱਗ ਦੇ ਥੱਲੇ ਆਨ ਕੇ
ਕਈ ਕਮੀ ਮੋਏ
ਸਾਡੇ ਚਾਲੇ ਜਦ ਵੀ ਵੇਖਦੀ
ਇਹ ਧਰਤੀ ਰੋਏ

ਅਸੀਂ ਕਦੀ ਕਿਸੇ ਮਜ਼ਦੂਰ ਦਾ
ਨਹੀਂ ਦਰਦ ਵੰਡਾਇਆ
ਅਸਾਂ ਕੁਰਸੀ ਉੱਤੇ ਬੈਠ ਕੇ
ਬੱਸ ਰੌਲ਼ਾ ਪਾਇਆ

ਅਸਾਂ ਕੁੱਛੜ ਚੁੱਕ ਸਕਾਫ਼ਤਾਂ
ਰੱਜ ਭੰਗੜੇ ਪਾਏ
ਫ਼ਿਰ ਕਲਚਰ ਕਲਚਰ ਖੇਡਦੇ
ਤੇਰੀ ਨਗਰੀ ਆਏ

ਇੰਜ ਅਪਣਾ ਆਪ ਪਛਾਣਿਆ
ਅਸੀਂ ਭੁੱਲ ਗਏ ਦੂਜਾ
ਏਸ ਮਾਇਆ ਦੇ ਭਗਵਾਨ ਦੀ
ਅਸਾਂ ਕੀਤੀ ਪੂਜਾ

ਖ਼ਲਕਤ ਤ੍ਰਿਹਾਈ ਵੇਖ ਕੇ
ਅਸਾਂ ਕੀਤਾ ਹਾਏ
ਫ਼ਿਰ ਵਿਸਕੀ ਪੀਤੀ ਰੱਜ ਕੇ
ਕੁਝ ਸੁੱਟੇ ਲਾਏ