ਆਪਣੇ ਕੋਲੋਂ ਕਦ ਤੱਕ ਆਪ ਲੁਕਾਉਗੇ

ਆਪਣੇ ਕੋਲੋਂ ਕਦ ਤੱਕ ਆਪ ਲੁਕਾਉਗੇ ।
ਚਿਹਰਿਆਂ ਉੱਤੇ ਕਿੰਨੇ ਖ਼ੋਲ ਝੜ੍ਹਾਉਗੇ ।

ਯਾਰੋ! ਕਦ ਤੱਕ ਬਾਲ ਕੇ ਦੀਵੇ ਹੰਝੂਆਂ ਦੇ
ਆਪਣੀ ਬਰਬਾਦੀ ਦਾ ਜਸ਼ਨ ਮਨਾਉਗੇ ।

ਜੇ ਨਾ 'ਵਾਜ਼ ਪਛਾਣੀ ਯਾਰੋ ਵੇਲੇ ਦੀ
ਕੱਖਾਂ ਵਾਂਗੂੰ ਸੜਕਾਂ ਤੇ ਰੁਲ ਜਾਉਗੇ ।

ਆਖ਼ਰ ਐਨੀ ਖ਼ਲਕਤ ਏ ਕੋਈ ਬੋਲੇਗਾ
ਕਿੰਨਿਆਂ ਬੁੱਲਾਂ ਉੱਤੇ ਜਿੰਦਰੇ ਲਾਉਗੇ ।

ਹੁਣ ਤੇ ਕਰ ਦਿਉ ਪਾਸੇ 'ਅਜਮਲ' ਪੱਥਰ ਨੂੰ
ਨਈਂ ਤੇ ਫਿਰ ਇਕ ਵਾਰੀ ਠੋਕਰ ਖਾਉਗੇ ।