ਓੜਕ ਹਾਲ ਇਹ ਹੋਇਆ ਮੇਰਾ।

ਓੜਕ ਹਾਲ ਇਹ ਹੋਇਆ ਮੇਰਾ।
ਕਿਧਰੇ ਜੀ ਨਾ ਲਗਦਾ ਮੇਰਾ।

ਖ਼ੁਸ਼ੀਆਂ ਦਾ ਹਰ ਚਾਨਣ ਤੇਰਾ
ਦੁਖ ਦਾ ਘੁੱਪ ਹਨੇਰਾ ਮੇਰਾ।

ਫੇਰ ਬੁਝਾ ਨਾ ਦੇਵੇ ਦੀਵਾ
'ਵਾ ਦਾ ਕੋਈ ਬੁੱਲਾ ਮੇਰਾ।

ਸੁੰਝਾ ਸੁੰਝਾ ਜਾਪੇ ਮੈਨੂੰ
ਅਜ ਤੇ ਜਿੰਦ ਬਨੇਰਾ ਮੇਰਾ।

ਜੇ ਉਹ ਮੇਰਾ ਸੱਜਣ ਹੁੰਦਾ
ਹਾਲ ਕਦੀ ਤੇ ਪੁਛਦਾ ਮੇਰਾ।

ਤੈਨੂੰ ਕੀ ਮੈਂ ਦੱਸਾਂ 'ਅਜਮਲ'
ਸਾਂਝਾ ਦੁਖ ਏ ਤੇਰਾ ਮੇਰਾ।