ਅੱਖ ਗੁਲਫ਼ਾਮ ਹਕੀਕਤ ਵੇਖੀ ਇਕ ਅੰਦਾਜ਼ੇ ਪਿੱਛੇ

ਅੱਖ ਗੁਲਫ਼ਾਮ ਹਕੀਕਤ ਵੇਖੀ ਇਕ ਅੰਦਾਜ਼ੇ ਪਿੱਛੇ
ਮੈਨੂੰ ਕੋਈ ਵੇਖ ਰਿਹਾ ਸੀ ਬੰਦ ਦਰਵਾਜ਼ੇ ਪਿੱਛੇ

ਮੈਂ ਤੇ ਉਹਦੇ ਰੀਝ ਪਟੋਲੇ ਮੈਲੇ ਹੋਣ ਨਾ ਦਿੱਤੇ
ਖ਼ਬਰੇ ਕਿਸਦਾ ਹੱਥ ਏ ਉਸਦੇ ਰੋਸੇ ਤਾਜ਼ੇ ਪਿੱਛੇ

ਜਿਹੜੇ ਅੰਤਮ ਧਾਹਾਂ ਤੀਕਰ ਨਫ਼ਰਤ ਕਰਦੇ ਰਏ ਨੇ
ਅੱਜ ਉਹ ਦੇਖੋ ਟੁਰਦੇ ਆਉਂਦੇ ਯਾਰ ਜਨਾਜ਼ੇ ਪਿੱਛੇ

ਉਹਨੂੰ ਕੋਈ ਖ਼ੁਸ਼ ਫਹਿਮੀ ਏ ਖ਼ਬਰੇ ਅਪਣੇ ਬਾਰੇ
ਅਸਲੀ ਚਿਹਰਾ ਵੇਖ ਲਿਐ ਪਰ ਮੈਂ ਤੇ ਗ਼ਾਜ਼ੇ ਪਿੱਛੇ

ਰਾਤੀਂ ਖ਼ਾਬ 'ਚ ਤੱਕਿਆ 'ਅਕਰਮ' ਮੈਂ ਅਣਹੋਣਾ ਮੰਜ਼ਰ
ਸਾਰੀ ਖ਼ਲਕਤ ਦੌੜ ਰਹੀ ਸੀ ਇਕ ਆਵਾਜ਼ੇ ਪਿੱਛੇ