ਸਿਰ ਤੇ ਭਾਵੇਂ ਧੁੱਪ ਦੀ ਖਾਰੀ, ਫਿਰ ਵੀ ਜੁੱਸਾ ਠਰਿਆ-ਠਰਿਆ

ਸਿਰ ਤੇ ਭਾਵੇਂ ਧੁੱਪ ਦੀ ਖਾਰੀ, ਫਿਰ ਵੀ ਜੁੱਸਾ ਠਰਿਆ-ਠਰਿਆ
ਬੁੱਲਾਂ ਉੱਤੇ ਹਾਸੇ ਨੇ ਪਰ, ਅੰਦਰੋਂ ਬੰਦਾ ਡਰਿਆ-ਡਰਿਆ

ਦੱਗ਼-ਦੱਗ਼ ਕਰਦੇ ਮੁੱਖੜੇ ਦੇਖਾਂ, ਰਚਨਾ ਵੀ ਨਾ ਸਾਂਭੀ ਜਾਵੇ
ਹਰ ਕੋਈ ਆਪਣੇ ਫਿਕਰੀਂ ਡੁੱਬਾ, ਭਾਵੇਂ ਮੇਲਾ ਭਰਿਆ-ਭਰਿਆ

ਚੰਨ ਦੀਆਂ ਕਿਰਨਾਂ ਉਸ ਜੁੱਸੇ ਤੇ, ਕੀ ਪਈਆਂ ਸਨ ਫੁੱਲ ਖਿੜੇ ਸਨ
ਜੀਵੇਂ ਰਸਤਾ ਜਿੱਧਰ ਦੇਖਾਂ, ਮਹਿਕਾਂ ਦੇ ਨਾਲ ਭਰਿਆ-ਭਰਿਆ

ਉਹਦੀਆਂ ਨਫ਼ਰਤ-ਨਜ਼ਰਾਂ ਅੰਦਰ, ਸੂਰਜ ਵਰਗਾ ਸੇਕਾ ਤੱਕ ਕੇ
ਮੈਂ ਤੇ ਕੀ ਪਰਛਾਵਾਂ ਵੀ ਸੀ, ਬਰਫ਼ਾਂ ਵਾਂਗੂੰ ਖਰਿਆ-ਖਰਿਆ

ਜੰਗਲ, ਬੇਲਾ, ਅੰਬਰ, ਧਰਤੀ, ਮੈਂ ਹਰਫ਼ਾਂ ਵਿਚ ਕੀਲ਼ੇ ਅਕਰਮ
ਸੋਚ-ਸਮੁੰਦਰ ਵੀ ਹੁਣ ਜਾਪੇ, ਪਲਕਾਂ ਉੱਤੇ ਧਰਿਆ-ਧਰਿਆ