ਇਹ ਨੇਰ੍ਹੇ ਦਾ ਜਾਦੂ ਇਕ ਦਿਨ ਟੁੱਟੇਗਾ

ਇਹ ਨੇਰ੍ਹੇ ਦਾ ਜਾਦੂ ਇਕ ਦਿਨ ਟੁੱਟੇਗਾ
ਮੇਰੇ ਜੁੱਸੇ ਵਿੱਚੋਂ ਸੂਰਜ ਫੁੱਟੇਗਾ

ਹੁਣ ਤੇ ਸਾਹ ਵੀ ਟਾਵਾਂ-ਟਾਵਾਂ ਆਉਂਦਾ ਏ
ਰੂਹ ਦਾ ਪੰਛੀ ਪਿੰਜਰੇ ਵਿੱਚੋਂ ਛੁੱਟੇਗਾ

ਰਸਮਾਂ ਦੇ ਇਸ ਭਰਵੇਂ-ਭਰਵੇਂ ਮੇਲੇ ਚੋਂ
ਸੋਚ ਰਿਹਾ ਵਾਂ ਕਿਹੜਾ ਝੰਡੀ ਪੁੱਟੇਗਾ

ਚੜ੍ਹਿਆ ਫਿਰਦਾ ਏਂ ਤੂੰ ਤਖ਼ਤਾਂ-ਤਾਜਾਂ ਤੇ
ਇਕ ਦਿਨ ਵੇਲਾ ਤੈਨੂੰ ਹੇਠਾਂ ਸੁੱਟੇਗਾ

ਗ਼ਮ ਦੀ ਜੰਝ ਚੜ੍ਹੀ ਏ ਬਾਜੇ-ਗਾਜੇ ਨਾਲ
ਕਿਹੜਾ ਪਲਕਾਂ ਉੱਤੋਂ ਹੀਰੇ ਲੁੱਟੇਗਾ

ਮੈਂ ਜੀਹਨੂੰ ਪਰਵਾਜਾਂ ਦਿੱਤੀਆਂ ਅੰਤ ਦੀਆਂ
ਪਤਾ ਨਹੀਂ ਸੀ ਮੈਨੂੰ ਅੰਬਰੋਂ ਸੁੱਟੇਗਾ

ਮੈਂ ਗਲਘੋਟੂ ਦਿੱਤੇ ਜਿਸਰਾਂ ਸੱਧਰਾਂ ਨੂੰ
ਮੇਰੇ ਵਾਂਗੂੰ ਕਿਹੜਾ ਸਾਹਵਾਂ ਪੁੱਟੇਗਾ

ਰਾਹ ਇਕਲਾਪੇ ਦਾ ਮੈਂ ਅਕਰਮ ਛੋਹਿਆ ਏ
ਰਸਤਾ ਆਪੇ ਮੈਨੂੰ ਵੇਖ ਕੇ ਹੁੱਟੇਗਾ