ਐਨਾ ਉਹਦੀਆਂ ਯਾਦਾਂ ਦਾ ਦਿਲ ਵਿਚ ਘੜਮੱਸ ਪਿਆ

ਐਨਾ ਉਹਦੀਆਂ ਯਾਦਾਂ ਦਾ ਦਿਲ ਵਿਚ ਘੜਮੱਸ ਪਿਆ
ਮੈਂ ਇਕਲਾਪਾ ਲੱਭਣ ਉਹਦੇ ਵੱਲ ਈ ਨੱਸ ਪਿਆ

ਕੇਸ ਪਿਛੋਕੜ ਉਮਰੇ ਨਾਡੀ ਰੁੱਤੇ ਫੁੱਲ ਖਿੜੇ
ਕੇਸ ਖ਼ਿਜ਼ਾਈਂ ਰੁੱਤੇ ਲਗ਼ਰਾਂ ਅੰਦਰ ਰਸ ਪਿਆ

ਕਿਸਰਾਂ ਉਹਨੂੰ ਇਹ ਸਮਝਾਵਾਂ ਸੁਣਕੇ ਉਹਦਾ ਦੁੱਖ
ਜੇ ਮੈਂ ਰੋਣਾ ਚਾਹੁੰਦਾ ਸੀ ਤੇ ਕਾਹਨੂੰ ਹੱਸ ਪਿਆ

ਜੇ ਮੇਰੇ ਹੱਥ-ਵਸ ਹੋਵੇ ਤੇ ਉਹਨੂੰ ਜਾਣ ਨਾ ਦੇਵਾਂ
ਐਵੇਂ ਮੁੜ-ਮੁੜ ਸੋਚੀ ਜਾਵਾਂ ਮੈਂ ਬੇਵਸ ਪਿਆ

ਛਾਤੀ ਤੇ ਸਿਰ ਰੱਖਕੇ ਉਸ ਨੇ ਬੁੱਕ-ਬੁੱਕ ਹੰਝੂ ਕੇਰੇ
ਤਿੱਸੀ ਰੂਹੀ ਉੱਤੇ 'ਅੰਜੁਮ' ਬੱਦਲ ਵੱਸ ਪਿਆ