ਕਿੰਨੇ ਅੱਥਰੂ ਕਿੰਨੇ ਦੁੱਖ ਨੇਂ

ਕਿੰਨੇ ਅੱਥਰੂ ਕਿੰਨੇ ਦੁੱਖ ਨੇਂ
ਸੁੱਕਾ ਬਾਲਣ , ਸਣੇ ਦੁੱਖ ਨੇਂ

ਤੀਲਾ ਤੀਲਾ ਚੁਗੀਆਂ ਪੈੜਾਂ
ਬੂਹੇ ਬੂਹੇ ਪੰਨੇ ਦੁੱਖ ਨੇਂ

ਨੱਕਾਂ ਦੇ ਵਿਚ ਪਾਇਆਂ ਨੱਥਾਂ
ਕੰਨਾਂ ਦੇ ਵਿਚ ਵਿੰਨ੍ਹੇ ਦੁੱਖ ਨੇਂ

ਵਲਦੇ ਜਾਓ ਖੁਲਦੇ ਜਾਵਣ
ਜਿਵੇਂ ਡੋਰ ਦੇ ਪੰਨੇ ਦੁੱਖ ਨੇਂ

ਇੰਨੇ ਵਾਲ਼ ਨਈਂ ਮੇਰੇ ਪਿੰਡੇ
ਜਿੰਨੀਆਂ ਪੀੜਾਂ ਜਿੰਨੇ ਦੁੱਖ ਨੇਂ

ਮਿੱਟੀ ਮੌਤ ਮੁਹੱਬਤ ਅਸ਼ਰਫ਼
ਤਿੰਨੇ ਸਕੇ ਤਿੰਨੇ ਦੁੱਖ ਨੇਂ