ਲਾਅਲ ਜ਼ਮੁਰਦ ਉਲਮਾਸ ਤੇ ਨੀਲਮ ਪੱਥਰ ਨੇਂ

ਲਾਅਲ ਜ਼ਮੁਰਦ ਉਲਮਾਸ ਤੇ ਨੀਲਮ ਪੱਥਰ ਨੇਂ
ਤੂੰ ਹੋਵੇਂ ਤੇ ਮੋਤੀ, ਨਹੀਂ ਤੇ ਕੰਕਰ ਨੇਂ

ਵਾਂਗ ਛਲਾਵਿਆਂ ਪਲ ਪਲ ਵਟਾਂਦੇ ਰਹਿਣ
ਅੱਖ ਦੀ ਸੰਘੀ ਤੇ ਨਹੁੰ ਧਰਨੇ ਮੰਜ਼ਰ ਨੇਂ

ਇਸ਼ਕ ਹੋਰਾਂ ਨੇ ਜਦੋਂ ਬਿਆਈ ਕੀਤੀ ਤੇ
ਰੱਕੜ ਅੱਖ ਵਿਚ ਸਾਂਝ ਸਿਲਾਬੇ ਵਤਰ ਨੇਂ

ਸੂਰਜ ਨਾਲ਼ ਤ੍ਰੇਲ ਉਠਾਵਣ ਵਾਲੇ ਵੀ
ਰਹਿਮਤ ਦਾ ਹਰ ਤੁਬਕਾ ਤੁਬਕਾ ਸਾਗਰ ਨੇਂ

ਨਾਲ਼ ਸਮੁੰਦਰ ਉਹਨੇ ਲਾਵਾਂ ਲਾ ਲਈਆਂ
ਉਹਦੇ ਨੈਣ ਨਿਮਾਣੀ ਤੜਕੀ ਝੱਜਰ ਨੇਂ

ਨੈਣ ਮੇਰੇ ਨਾ ਬੈਤ ਕਬੂਲਣ ਫ਼ਾਸਿਕ ਦੀ
ਕੁਰਬਲ ਵਾਲੇ ਦਾ ਸਿਰ ਸਦਕਾ ਸਾਬਰ ਨੇਂ

ਉਹਦੇ ਭੇਤ ਦਾ ਅੰਤ ਕਿਸੇ ਨੇ ਪਾਇਆ ਨਹੀਂ
ਬਾਵੇ ਕੋਲ਼ ਵੀ ਦੁੱਖ ਬੁੜ੍ਹਾ ਦੇ ਵਾਫ਼ਰ ਨੇਂ