ਕੱਤ ਕੁੜੇ, ਨਾ ਵੱਤ ਕੁੜੇ

ਕੱਤ ਕੁੜੇ, ਨਾ ਵੱਤ ਕੁੜੇ
ਛੱਲੀ ਲਾਹ, ਭਰੋਟੇ ਘੱਤ ਕੁੜੇ

ਜੇ ਪੂਣੀ ਪੂਣੀ ਕੱਤੇਂਗੀ
ਤਾਂ ਨੰਗੀ ਮੂੂਲ ਨਾ ਵੱਤੇਂਗੀ
ਸੈ ਵਰ੍ਹਿਆਂ ਦਾ ਜੇ ਕੱਤੇਂਗੀ
ਤਾਂ ਕਾਂਗ ਮਾਰੇਗਾ ਝੁੁੱਟ ਕੁੜੇ

ਕੱਤ ਕੁੜੇ, ਨਾ ਵੱਤ ਕੁੜੇ
ਛੱਲੀ ਲਾਹ, ਭਰੋਟੇ ਘੱਤ ਕੁੜੇ

ਵਿਚ ਗ਼ਫ਼ਲਤ ਜੇ ਤੈੈਂ ਦਿਨ ਜਾਲੇ
ਕੱਤ ਕੇ ਕੁਝ ਨਾ ਲਿਉ ਸੰਭਾਲੇ
ਬਾਝੋੋਂ ਗੁਣ ਸ਼ੋਹੁ ਆਪਣੇ ਨਾਲੇ
ਤੇਰੀ ਕਿਉਂਕਰ ਹੋਸੀ ਗੱਤ ਕੁੜੇ

ਕੱਤ ਕੁੜੇ, ਨਾ ਵੱਤ ਕੁੜੇ
ਛੱਲੀ ਲਾਹ, ਭਰੋਟੇ ਘੱਤ ਕੁੜੇ

ਮਾਂ ਪਿਓ ਤੇਰੇ ਗੰਢੀਂ ਪਾਈਆਂ
ਅਜੇ ਨਾ ਤੈਨੂੰ ਸੁਰਤਾਂ ਆਈਆਂ
ਦਿਨ ਥੋੜੇ ਤੇ ਚਾਅ ਮੁਕਲਾਈਆਂ
ਨਾ ਆਸੇਂ ਪੇਕੇ ਵੱਤ ਕੁੜੇ

ਕੱਤ ਕੁੜੇ, ਨਾ ਵੱਤ ਕੁੜੇ
ਛੱਲੀ ਲਾਹ, ਭਰੋਟੇ ਘੱਤ ਕੁੜੇ

ਜੇ ਦਾਜ ਵਿਹੂਣੀ ਜਾਵੇਂਗੀ
ਤਾਂ ਕਿਸੇ ਭਲੀ ਨਾ ਭਾਵੇਂਗੀ
ਤੂੰ ਸ਼ੋਹੁ ਨੂੰ ਕਿਵੇਂ ਰੀਝਾਵੇਂਗੀ
ਕੁਝ ਲੈ ਫ਼ਕਰਾਂ ਦੀ ਮੱਤ ਕੁੜੇ

ਕੱਤ ਕੁੜੇ, ਨਾ ਵੱਤ ਕੁੜੇ
ਛੱਲੀ ਲਾਹ, ਭਰੋਟੇ ਘੱਤ ਕੁੜੇ

ਤੇਰੇ ਨਾਲ਼ ਦੀਆਂ ਦਾਜ ਰੰਗਾਏ ਨੀ
ਓਨ੍ਹਾਂ ਸੂਹੇ ਸਾਲੂ ਪਾਏ ਨੀ
ਤੂੰ ਪੈਰ ਉਲਟੇ ਕਿਉਂ ਚਾਏ ਨੀ
ਜਾ ਓਥੇ ਲਖਸੇਂ ਤੱਤ ਕੁੜੇ

ਕੱਤ ਕੁੜੇ, ਨਾ ਵੱਤ ਕੁੜੇ
ਛੱਲੀ ਲਾਹ, ਭਰੋਟੇ ਘੱਤ ਕੁੜੇ

ਬੁਲ੍ਹਾ ਸ਼ੋਹੁ ਘਰ ਆਪਣੇ ਆਵੇ
ਚੂੜਾ ਬੀੜਾ ਸੱਭ ਸੁਹਾਵੇ
ਗੁਣ ਹੋਸੀ ਤਾਂ ਗਲੇ ਲਗਾਵੇ
ਨਹੀਂ ਰੋਸੇਂ ਨੈਣੀਂ ਰੱਤ ਕੁੜੇ

ਕੱਤ ਕੁੜੇ, ਨਾ ਵੱਤ ਕੁੜੇ
ਛੱਲੀ ਲਾਹ, ਭਰੋਟੇ ਘੱਤ ਕੁੜੇ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 236 ( ਹਵਾਲਾ ਵੇਖੋ )