ਸਭ ਇੱਕੋ ਰੰਗ ਕਪਾਹੀਂ ਦਾ

ਸਭ ਇੱਕੋ ਰੰਗ ਕਪਾਹੀਂ ਦਾ

ਤਾਣੀ, ਤਾਣਾ, ਪੇਟਾ, ਨਲੀਆਂ
ਪੀਠ, ਨੜਾ, ਤੇ ਛੱਬਾਂ ਛੱਲੀਆਂ
ਆਪੋ ਆਪਣੇ ਨਾਮ ਜਿਤਾਵਣ
ਵੱਖੋ ਵੱਖੀ ਜਾਈਂ ਦਾ

ਸਭ ਇੱਕੋ ਰੰਗ ਕਪਾਹੀਂ ਦਾ

ਚੋਂਸੀ, ਪੈਂਸੀ, ਖੱਦਰ, ਧੂਤਰ
ਮਲਮਲ, ਖ਼ਾਸਾ, ਇੱਕਾ ਸੂਤਰ
ਪੂਣੀ ਵਿਚੋਂ ਬਾਹਰ ਆਵੇ
ਭਗਵਾ ਭੇਸ ਗੁਸਾਈਂ ਦਾ

ਸਭ ਇੱਕੋ ਰੰਗ ਕਪਾਹੀਂ ਦਾ

ਕੁੜੀਆਂ ਹੱਥੀਂ ਛਾਪਾਂ ਛੱਲੇ
ਆਪੋ ਆਪਣੇ ਨਾਮ ਸਵੱਲੇ
ਸੱਭਾ ਇੱਕਾ ਚਾਂਦੀ ਆਖੋ
ਕੰਙਣ, ਚੂੜਾ ਬਾਹੀਂ ਦਾ

ਸਭ ਇੱਕੋ ਰੰਗ ਕਪਾਹੀਂ ਦਾ

ਭੇਡਾਂ ਬੱਕਰੀਆਂ ਚਾਰਨ ਵਾਲਾ
ਉੱਠ ਮੱਝੀਆਂ ਦਾ ਕਰੇ ਸੰਭਾਲਾ
ਰੂੜੀ ਉੱਤੇ ਗੱਦੂਂ ਚਾਰੇ
ਉਹ ਭੀ ਵਾਗੀ ਗਾਈਂ ਦਾ

ਸਭ ਇੱਕੋ ਰੰਗ ਕਪਾਹੀਂ ਦਾ

ਬੁੱਲ੍ਹਾ ਸ਼ਹੁ ਜ਼ਾਤ ਕੀ ਪੁਛਨਾ ਏਂ
ਸ਼ਾਕਿਰ ਹੋ ਰਜ਼ਾਈਂ ਦਾ
ਜੇ ਤੂੰ ਲੋੜੇਂ ਬਾਗ਼ ਬਹਾਰਾਂ
ਚਾਕਰ ਹੋ ਅਰਾਈਂ ਦਾ

ਸਭ ਇੱਕੋ ਰੰਗ ਕਪਾਹੀਂ ਦਾ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 209 ( ਹਵਾਲਾ ਵੇਖੋ )