ਮਾਟੀ ਕਦਮ ਕਰੇਂਦੀ ਯਾਰ

ਮਾਟੀ ਕਦਮ ਕਰੇਂਦੀ ਯਾਰ

ਮਾਟੀ ਜੋੜਾ, ਮਾਟੀ ਘੋੜਾ
ਮਾਟੀ ਦਾ ਅਸਵਾਰ
ਮਾਟੀ ਨੂੰ ਮਾਟੀ ਦੌੜਾਏ
ਮਾਟੀ ਦਾ ਖੜਕਾਰ

ਮਾਟੀ ਕਦਮ ਕਰੇਂਦੀ ਯਾਰ

ਮਾਟੀ ਨੂੰ ਮਾਟੀ ਮਾਰਨ ਲੱਗੀ
ਮਾਟੀ ਦਾ ਹਥਿਆਰ
ਜਿਸ ਮਾਟੀ ਪਰ ਬਹੁਤੀ ਮਾਟੀ
ਤਿਸ ਮਾਟੀ ਹੰਕਾਰ

ਮਾਟੀ ਕਦਮ ਕਰੇਂਦੀ ਯਾਰ

ਮਾਟੀ ਬਾਗ਼, ਬਗ਼ੀਚਾ ਮਾਟੀ
ਮਾਟੀ ਦੀ ਗੁਲਜ਼ਾਰ
ਮਾਟੀ ਨੂੰ ਮਾਟੀ ਵੇਖਣ ਆਈ
ਮਾਟੀ ਦੀ ਏ ਬਹਾਰ

ਮਾਟੀ ਕਦਮ ਕਰੇਂਦੀ ਯਾਰ

ਚਾਰ ਸਈਆਂ ਰਲ਼ ਖੇਡਣ ਲੱਗੀਆਂ
ਪੰਜਵੀਂ ਵਿਚ ਸਰਦਾਰ
ਹੱਸ ਖੇਡ ਮੁੜ ਮਾਟੀ ਹੋਈਆਂ
ਪੋਂਦੀਆਂ ਪੈਰ ਪਸਾਰ

ਮਾਟੀ ਕਦਮ ਕਰੇਂਦੀ ਯਾਰ

ਹੱਸ ਖੇਡ ਮੁੜ ਮਾਟੀ ਹੋਈ
ਮਾਟੀ ਪਾਉਂ ਪਸਾਰ
ਬੁੱਲ੍ਹਾ ਇਹ ਬੁਝਾਰਤ ਬੋਝੀਂ
ਲਾਹ ਸਿਰ ਭੋਏਂ ਮਾਰ

ਮਾਟੀ ਕਦਮ ਕਰੇਂਦੀ ਯਾਰ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 297 ( ਹਵਾਲਾ ਵੇਖੋ )