ਮੂੰਹ ਆਈ ਬਾਤ ਨਾ ਰਹਿੰਦੀ ਹੈ

ਮੂੰਹ ਆਈ ਬਾਤ ਨਾ ਰਹਿੰਦੀ ਹੈ

ਝੂਠ ਆਖਾਂ ਤੇ ਕੁਝ ਬਚਦਾ ਹੈ
ਸੱਚ ਆਖਿਆਂ ਭਾਂਬੜ ਮਚਦਾ ਹੈ
ਜੀ ਦੋਹਾਂ ਗੱਲਾਂ ਤੋਂ ਜਚਦਾ ਹੈ
ਜਚ ਜਚ ਕੇ ਜੀਭਾ ਕਹਿੰਦੀ ਹੈ

ਮੂੰਹ ਆਈ ਬਾਤ ਨਾ ਰਹਿੰਦੀ ਹੈ

ਜਿਸ ਪਾਇਆ ਭੇਤ ਕਲੰਦਰ ਦਾ
ਰਾਹ ਖੋਜਿਆ ਆਪਣੇ ਅੰਦਰ ਦਾ
ਉਹ ਵਾਸੀ ਹੈ ਸੁੱਖ ਮੰਦਰ ਦਾ
ਜਿਥੇ ਕੋਈ ਨਾ ਚੜ੍ਹਦੀ ਲਹਿੰਦੀ ਹੈ

ਮੂੰਹ ਆਈ ਬਾਤ ਨਾ ਰਹਿੰਦੀ ਹੈ

ਇਕ ਲਾਜ਼ਮ ਬਾਤ ਅਦਬ ਦੀ ਹੈ
ਸਾਨੂੰ ਬਾਤ ਮਲੂਮੀ ਸਭ ਦੀ ਹੈ
ਹਰ ਹਰ ਵਿਚ ਸੂਰਤ ਰੱਬ ਦੀ ਹੈ
ਕਿਤੇ ਜ਼ਾਹਰ ਕਿਤੇ ਛੁਪੇਂਦੀ ਹੈ

ਮੂੰਹ ਆਈ ਬਾਤ ਨਾ ਰਹਿੰਦੀ ਹੈ

ਏਥੇ ਦੁਨੀਆਂ ਵਿਚ ਅਨ੍ਹੇਰਾ ਹੈ
ਇਹ ਤਿਲਕਣ ਬਾਜ਼ੀ ਵਿਹੜਾ ਹੈ
ਵੜ ਅੰਦਰ ਵੇਖੋ ਕਿਹੜਾ ਹੈ
ਕਿਉਂ ਖਲਕਤ ਬਾਹਰ ਢੂੰਡੇਂਦੀ ਹੈ

ਮੂੰਹ ਆਈ ਬਾਤ ਨਾ ਰਹਿੰਦੀ ਹੈ

ਏਥੇ ਲੇਖਾ ਪਾਓਂ ਪਸਾਰਾ ਹੈ
ਇਹਦਾ ਵਖਰਾ ਭੇਤ ਨਿਆਰਾ ਹੈ
ਇਹ ਸੂਰਤ ਦਾ ਚਮਕਾਰਾ ਹੈ
ਜਿਵੇਂ ਚਿਣਗ ਦਾਰੂ ਵਿਚ ਪੈਂਦੀ ਹੈ

ਮੂੰਹ ਆਈ ਬਾਤ ਨਾ ਰਹਿੰਦੀ ਹੈ

ਕਿਤੇ ਨਾਜ਼ ਅਦਾ ਦਿਖਲਾਈਦਾ
ਕਿਤੇ ਹੋ ਰਸੂਲ ਮਿਲਾਈਦਾ
ਕਿਤੇ ਆਸ਼ਕ ਬਣ ਬਣ ਆਈਦਾ
ਕਿਤੇ ਜਾਨ ਜੁਦਾਈ ਸਹਿੰਦੀ ਹੈ

ਮੂੰਹ ਆਈ ਬਾਤ ਨਾ ਰਹਿੰਦੀ ਹੈ

ਜਦੋਂ ਜ਼ਾਹਰ ਹੋਏ ਨੂਰ ਹੁਰੀਂ
ਜਲ ਗਏ ਪਹਾੜ ਕੋਹ-ਏ-ਤੂਰ ਹੁਰੀਂ
ਤਦੋਂ ਦਾਰ ਚੜ੍ਹੇ ਮਨਸੂਰ ਹੁਰੀਂ
ਓਥੇ ਸ਼ੇਖੀ ਮੈਂਡੀ ਨਾ ਤੈਂਡੀ ਹੈ

ਮੂੰਹ ਆਈ ਬਾਤ ਨਾ ਰਹਿੰਦੀ ਹੈ

ਜੇ ਜ਼ਾਹਰ ਕਰਾਂ ਇਸਰਾਰ ਤਾਈਂ
ਸਭ ਭੁੱਲ ਜਾਵਣ ਤਕਰਾਰ ਤਾਈਂ
ਫਿਰ ਮਾਰਨ ਬੁੱਲ੍ਹੇ ਯਾਰ ਤਾਈਂ
ਏਥੇ ਮਖ਼ਫ਼ੀ ਗੱਲ ਸੋਹੇਂਦੀ ਹੈ

ਮੂੰਹ ਆਈ ਬਾਤ ਨਾ ਰਹਿੰਦੀ ਹੈ

ਅਸਾਂ ਪੜ੍ਹਿਆ ਇਲਮ ਤਹਕੀਕੀ ਹੈ
ਓਥੇ ਇਕੋ ਹਰਫ਼ ਹਕੀਕੀ ਹੈ
ਹੋਰ ਝਗੜਾ ਸਭ ਵਧੀਕੀ ਹੈ
ਐਵੇਂ ਰੌਲਾ ਪਾ ਪਾ ਬਹਿੰਦੀ ਹੈ

ਮੂੰਹ ਆਈ ਬਾਤ ਨਾ ਰਹਿੰਦੀ ਹੈ

ਐ ਸ਼ਾਹੇ-ਅਕਲ ਤੂੰ ਆਇਆ ਕਰ
ਸਾਨੂੰ ਅਦਬ ਅਦਾਬ ਸਿਖਾਇਆ ਕਰ
ਮੈਂ ਝੂਠੀ ਨੂੰ ਸਮਝਾਇਆ ਕਰ
ਜੋ ਮੂਰਖ ਮਾਹਨੂੰ ਕਹਿੰਦੀ ਹੈ

ਮੂੰਹ ਆਈ ਬਾਤ ਨਾ ਰਹਿੰਦੀ ਹੈ

ਵਾਹ ਵਾ ਕੁਦਰਤ ਬੇਪਰਵਾਹੀ ਹੈ
ਦੇਵੇ ਕੈਦੀ ਦੇ ਸਿਰ ਸ਼ਾਹੀ ਹੈ
ਐਸਾ ਬੇਟਾ ਜਾਇਆ ਮਾਈ ਹੈ
ਸਭ ਕਲਮਾ ਉਸ ਦਾ ਕਹਿੰਦੀ ਹੈ

ਮੂੰਹ ਆਈ ਬਾਤ ਨਾ ਰਹਿੰਦੀ ਹੈ

ਇਸ ਆਜ਼ਿਜ਼ ਦਾ ਕੀ ਹੀਲਾ ਹੈ
ਰੰਗ ਜ਼ਰਦ ਤੇ ਮੁੱਖੜਾ ਪੀਲਾ ਹੈ
ਜਿਥੇ ਆਪੇ ਆਪ ਵਸੀਲਾ ਹੈ
ਓਥੇ ਕੀ ਅਦਾਲਤ ਕਹਿੰਦੀ ਹੈ

ਮੂੰਹ ਆਈ ਬਾਤ ਨਾ ਰਹਿੰਦੀ ਹੈ

ਬੁੱਲ੍ਹਾ ਸ਼ਹੁ ਅਸਾਂ ਥੀਂ ਵੱਖ ਨਹੀਂ
ਬਿਨ ਸ਼ਹੁ ਥੀਂ ਦੂਜਾ ਕੱਖ ਨਹੀਂ
ਪਰ ਵੇਖਣ ਵਾਲੀ ਅੱਖ ਨਹੀਂ
ਤਾਂ ਹੀਂ ਜਾਨ ਪਈ ਦੁਖ ਸਹਿੰਦੀ ਹੈ

ਮੂੰਹ ਆਈ ਬਾਤ ਨਾ ਰਹਿੰਦੀ ਹੈ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 311 ( ਹਵਾਲਾ ਵੇਖੋ )