ਵਿਚ ਆਸ਼ਿਕਾਂ ਅੱਜ ਕਲਾ ਤੇਰੀ ਬੱਝੀ ਏ ਹਵਾ ਹੋਰ

ਵਿਚ ਆਸ਼ਿਕਾਂ ਅੱਜ ਕਲਾ ਤੇਰੀ ਬੱਝੀ ਏ ਹਵਾ ਹੋਰ
ਕਰ ਲੈ ਜੋ ਸਿਤਮ ਕਰਨੀ ਕੋਈ ਹੋਰ ਜਫ਼ਾ ਹੋਰ

ਹੈ ਰੰਗ ਜ਼ਮਾਨੇ ਦਾ ਤੇਰੇ ਰੂਪ ਦੀ ਰੰਗਣ
ਰੰਗੇ ਹੋਏ ਇਕ ਰੰਗ ਤੇ ਕੋਈ ਰੰਗ ਚੜ੍ਹਾ ਹੋਰ

ਛਾਈ ਨਾ ਅਜੇ ਖ਼ੂਨ ਵਿਚ ਏ ਸ਼ਾਮ ਦੀ ਲਾਲੀ
ਲਾ ਰੰਗਲੇ ਹੱਥਾਂ ਤੇ ਜ਼ਰਾ ਰੰਗੇ ਹਿਨਾ ਹੋਰ

ਬੇਸੁਰਤ ਮੁਹੱਬਤ ਵੀ ਜ਼ਰਾ ਸੂਰਤ ਸੰਭਾਲੇ
ਕਰ ਹੋਰ ਅਦਾ ਸੁੱਤੀ ਕਲਾ ਕੋਈ ਜਗਾ ਹੋਰ

ਦੇ ਹੋਰ ਮੁਹੱਬਤ ਦੀ ਸਜ਼ਾ ਸਾਨੂੰ ਤੋਂ ਬੇਸ਼ੱਕ
ਕਾਨੂੰਨ ਮੁਹੱਬਤ ਦਾ ਜੇ ਦਿੰਦਾ ਏ ਸਜ਼ਾ ਹੋਰ

ਭੰਡ ਹੋਰ ਵਫ਼ਾ ਮੇਰੀ ਜ਼ਰਾ ਵਿਚ ਰਕੀਬਾਂ
ਘਟਦੀ ਏ ਪਈ ਗੱਲ ਜੇ ਘਟਦੀ ਨੂੰ ਵਧਾ ਹੋਰ

ਦੇ ਮੈਨੂੰ ਸਿਲਾ ਹੋਰ ਕੋਈ ਮੇਰੀ ਵਫ਼ਾ ਦਾ
ਸਿਰ ਮੇਰੇ ਜਫ਼ਾ ਦਾ ਕੋਈ ਅਹਿਸਾਨ ਚੜ੍ਹਾ ਹੋਰ

ਮੈਨੂੰ ਤੇਰੇ ਰੋਸੇ ਦਾ ਕੋਈ ਗ਼ਮ ਨਹੀਂ ਪਿਆਰੇ
ਮੈਂ ਤੈਨੂੰ ਮਨਾ ਲਾਂਗਾ ਕੋਈ ਕਰਕੇ ਖ਼ਤਾ ਹੋਰ

ਕਿਉਂ ਪੂਜਾਂ ਫ਼ਕੀਰ ਐਵੇਂ ਬੁੱਤਾਂ ਸੰਗਦਿਲਾਂ ਨੂੰ
ਇਹ ਮੇਰੇ ਖ਼ੁਦਾ ਨਹੀਂ ਕੋਈ ਮੇਰਾ ਏ ਖ਼ੁਦਾ ਹੋਰ