ਇਹ ਜਿੰਦੜੀ ਬੇਰੰਗ ਅਸਾਡੀ

ਇਹ ਜਿੰਦੜੀ ਬੇਰੰਗ ਅਸਾਡੀ
ਕਿਸਮਤ ਕੀਤੀ ਨੰਗ ਅਸਾਡੀ

ਪੀੜਾਂ ਲਹੂ ਇਚ ਗਡ੍ਹੀਂ ਪਾਈਆਂ
ਨੱਸ ਨੱਸ ਹੋਗਈ ਤੰਗ ਅਸਾਡੀ

ਖ਼ਾਲਿਕ ਹੱਥ ਤੇ ਪੈਰ ਚਾ ਬੱਧੇ
ਖ਼ਲਕਤ ਦੇ ਨਲ ਜੰਗ ਅਸਾਡੀ

ਵੀਣੀ ਘੁੱਟ ਕੇ ਫੱਦ ਲਈ ਜ਼ਖ਼ਮਾਂ
ਟੁੱਟ ਗਈ ਹਿਕ ਹਿਕ ਵੰਗ ਅਸਾਡੀ

ਕੰਡਿਆਂ ਦੇ ਵੱਸ ਦਰਦ ਅਸਾਡਾ
ਹਿੱਜਰਾਂ ਦੇ ਹੱਥ ਮੰਗ ਅਸਾਡੀ

ਅਫ਼ਰਾਤਫ਼ਰੀ ਦੇ ਵਿਚ ਨਿਕਲੇ
ਹਰ ਸ਼ੈ ਰਹਿ ਗਈ ਝੰਗ ਅਸਾਡੀ

ਕੰਡ ਬਚਾਉਣ ਔਖੀ ਹੋਈ
ਯਾਰਾਂ ਦੇ ਨਲ ਜੰਗ ਅਸਾਡੀ

ਹਵਾਲਾ: ਦਿਲ ਦੇ ਹੱਥ ਮੁਹਾਰ ( ਹਵਾਲਾ ਵੇਖੋ )