ਔਖੇ ਸੌਖੇ ਰਾਹ ਲੈ ਲੈ ਕੇ

ਔਖੇ ਸੌਖੇ ਰਾਹ ਲੈ ਲੈ ਕੇ
ਪੈੜਾਂ ਹੇਠ ਪਨਾਹ ਲੈ ਲੈ ਕੇ

ਇਸ ਨੂੰ ਯਾਦ ਕਰਾਂ ਤੇ ਰੋਵਾਂ
ਛੋਟੇ ਛੋਟੇ ਸਾਹ ਲੈ ਲੈ ਕੇ

ਬਾਕੀ ਕੁਝ ਨਈਂ ਬਚਿਆ ਮੇਰਾ
ਆਪਣੇ ਆਪ ਦੀ ਹਾਹ ਲੈ ਲੈ ਕੇ

ਲੱਭਦਾਂ ਫਿਰਾਂ ਅਦਾਲਤ ਕੋਈ
ਦਿਲ ਦੇ ਜ਼ਖ਼ਮ ਗਵਾਹ ਲੈ ਲੈ ਕੇ

ਫ਼ਰਹਤ ਸ਼ਾਹ! ਅਸੀ ਓੜਕ ਮਰਨਾ
ਦਰਦਾਂ ਦੇ ਨਾਲ਼ ਫਾਹ ਲੈ ਲੈ ਕੇ