ਸੋਚਾਂ ਨੂੰ ਜ਼ੰਗਾਰ ਨੇ ਖਾਹਦਾ ਜਜ਼ਬੇ ਪੱਥਰ ਹੋ ਗਏ ਨੇਂ

ਸੋਚਾਂ ਨੂੰ ਜ਼ੰਗਾਰ ਨੇ ਖਾਹਦਾ ਜਜ਼ਬੇ ਪੱਥਰ ਹੋ ਗਏ ਨੇਂ
ਅਮਲਾਂ ਬਾਹਜੋਂ ਤਹਿਰੀਰਾਂ ਦੇ ਫੋਕੇ ਅੱਖਰ ਹੋ ਗਏ ਨੇਂ

ਨਫ਼ਰਤ ਦੀ ਉਹ ਔੜ ਲੱਗੀ ਏ ਸਕੇ ਸੋਮੇ ਉਲਫ਼ਤ ਦੇ
ਮਿਹਰ ਮੁਹੱਬਤ ਵਾਲੇ ਸਾਵੇ ਖੇਤ ਵੀ ਬੰਜਰ ਹੋ ਗਏ ਨੇਂ

ਇਸ ਤੋਂ ਅੱਖਾਂ ਪਰਤ ਲਵੇਗਾ ਵੇਲੇ ਨੀਂ ਵਡਿਆ ਨਾਂਹੀਂ
ਜਦ ਦੀਆਂ ਨਜ਼ਰਾਂ ਅੰਦਰ ਸਾਰੇ ਸੱਜਣ ਕਮਤਰ ਹੋ ਗਏ ਨੇਂ

ਤੇਰਾ ਕੀ ਏ ਤੂੰ ਤੇ ਬੂਟਾ ਵੱਢ ਲਿਆ ਏ ਬਾਲਣ ਲਈ
ਜ਼ਰਾ ਵੀ ਸਾਰ ਨਾ ਤੈਨੂੰ ਕਿੰਨੇ ਪੰਛੀ ਬੇ ਘਰ ਹੋ ਗਏ ਨੇਂ

ਕੌਮ ਤੇ ਮਿੱਥੇ ਟੀਕਾ ਲੱਗਿਆ ਉਸ ਦਿਨ ਤੋਂ ਰੁਸਵਾਈ ਦਾ
ਚੋਰ ਉਚੱਕੇ ਜਦ ਤੋਂ ਸਾਡੀ ਕੌਮ ਦੇ ਰਹਿਬਰ ਹੋ ਗਏ ਨੇਂ

ਖ਼ਾਬ ਹੋਏ ਨੇਂ ਸਾਵੇ ਮੌਸਮ ਹਸਰਤ ਰਹਿ ਗਈ ਫੁੱਲਾਂ ਦੀ
ਆਸ ਦੇ ਬੂਟੇ ਨੂੰ ਘੁਣ ਲੱਗਾ ਪੀਲੇ ਪੁੱਤਰ ਹੋ ਗਏ ਨੇਂ

ਮਜਬੂਰੀ ਦੀ ਨੇਕੀ ਸ਼ੀਦਾ ਨਿੱਕੀਆਂ ਵਿਚ ਸ਼ੁਮਾਰ ਨਹੀਂ
ਵੇਖ ਰਿਹਾ ਵਾਂ ਐਬਾਂ ਵਾਲੇ ਕਾਲੇ ਦਫ਼ਤਰ ਹੋ ਗਏ ਨੇਂ

ਹਵਾਲਾ: ਮੋਤੀ ਸੋਚ ਸਮੁੰਦਰ ਦੇ, ਸਫ਼ਾ 73 ( ਹਵਾਲਾ ਵੇਖੋ )