ਏਨੇ ਹੌਲੇ ਹੋ ਗਏ ਗ਼ੈਰ ਨਿਗਾਹਵਾਂ ਵਿਚ

ਏਨੇ ਹੌਲੇ ਹੋ ਗਏ ਗ਼ੈਰ ਨਿਗਾਹਵਾਂ ਵਿਚ
ਅੱਡ ਦੇ ਪਏ ਆਂ ਕੱਖਾਂ ਵਾਂਗ ਹਵਾਵਾਂ ਵਿਚ

ਜਿਹੜਾ ਬਾਗ਼ ਬਹਾਰਾਂ ਵਿਚ ਵੀ ਸਕਿਆ ਏ
ਕੀ ਹੋਵੇਗਾ ਉਸ ਦਾ ਹਾਲ ਖ਼ਿਜ਼ਾਵਾਂ ਵਿਚ

ਦੁਨੀਆ ਜੌਂ ਜੌਂ ਪੌੜੀ ਚੜ੍ਹੇ ਤਰੱਕੀ ਦੀ
ਰੁੱਤ ਦੀ ਲਾਲੀ ਵਧਦੀ ਹੋਰ ਫ਼ਿਜ਼ਾਵਾਂ ਵਿਚ

ਰੁੱਖਾਂ ਅਤੇ ਬਰਫ਼ਾਂ ਜਮ ਕੇ ਰਹਿ ਗਈਆਂ
ਜਦ ਦਾ ਸੂਰਜ ਘਿਰਿਆ ਹੋਇਆ ਘਟਾਵਾਂ ਵਿਚ

ਜਿਹੜੇ ਰਾਹੀਆਂ ਮੰਜ਼ਿਲ ਤੋਂ ਮੁੱਖ ਮੋੜ ਲਿਆ
ਉਮਰ ਗੁਜ਼ਾਰੀ ਉਨ੍ਹਾਂ ਰਲਦੀਆਂ ਰਾਹਵਾਂ ਵਿਚ

ਤੁਸੀਂ ਓ ਝੱਲੇ ਝੱਲ ਵਲੱਲੇ ਸ਼ੀਦਾ ਜੀ
ਕਿਹੜੀ ਗੱਲ ਕਰ ਸਕਦੇ ਓ ਦਾ ਨਾਵਾਂ ਵਿਚ

ਹਵਾਲਾ: ਮੋਤੀ ਸੋਚ ਸਮੁੰਦਰ ਦੇ, ਸਫ਼ਾ 99 ( ਹਵਾਲਾ ਵੇਖੋ )