ਇਹ ਕਾਲੀਆਂ ਜ਼ੁਲਫ਼ਾਂ ਨੇਂ ਯਾ ਸ਼ਾਮ ਖ਼ੁਦਾ ਜਾਣੇ

ਇਹ ਕਾਲੀਆਂ ਜ਼ੁਲਫ਼ਾਂ ਨੇਂ ਯਾ ਸ਼ਾਮ ਖ਼ੁਦਾ ਜਾਣੇ
ਮਸਤਾਨਿਆਂ ਅੱਖਾਂ ਨੇਂ ਯਾਂ ਜਾਮ ਖ਼ੁਦਾ ਜਾਣੇ

ਚਲੇ ਤੇ ਦਿਲਾਂ ਅੰਦਰ ਹਲਚਲ ਜਿਹੀ ਮਚਾ ਦੇਵੇ
ਕੀ ਹਸ਼ਰ ਉਠਾਵੇਗੀ ਹਰ ਗਾਮ ਖ਼ੁਦਾ ਜਾਣੇ

ਤਸਵੀਰ ਹੁਸਨ ਦੀ ਇਹ ਰੱਬ ਆਪ ਬਣਾਈ ਏ
ਹੈ ਕਿਸ ਦੀਆਂ ਲੇਖਾਂ ਦਾ ਇਨਾਮ ਖ਼ੁਦਾ ਜਾਣੇ

ਇਹ ਹੋਰ ਬਹਿਸ਼ਤਾਂ ਦੀ ਧਰਤੀ ਤੇ ਉੱਤਰ ਆਈ
ਯਾਂ ਸ਼ਕਲ ਦੇ ਵਿਚ ਆਇਆ ਇਲਹਾਮ ਖ਼ੁਦਾ ਜਾਣੇ

ਜਿਸ ਹੁਸਨ ਦੀ ਮੂਰਤ ਦਾ ਆਗ਼ਾਜ਼ ਕਿਆਮਤ ਏ
ਦਿਲ ਵਾਲਿਓ ਕੀ ਹੋਸੀ ਅੰਜਾਮ ਖ਼ੁਦਾ ਜਾਣੇ

ਜਦ ਝਲਕਦੇ ਵੇਖਣ ਲਈ ਵਰ੍ਹਿਆਂ ਤੋਂ ਤਰਸਦੇ ਸਾਂ
ਉਹ ਜਲਵੇ ਨੇਂ ਕਿਉਂ ਸ਼ੀਦਾ ਅੱਜ ਆਮ ਖ਼ੁਦਾ ਜਾਣੇ

ਹਵਾਲਾ: ਮੋਤੀ ਸੋਚ ਸਮੁੰਦਰ ਦੇ, ਸਫ਼ਾ 89 ( ਹਵਾਲਾ ਵੇਖੋ )