ਅੱਖਾਂ ਓਸੇ ਥਾਂ

ਭੁੱਲਿਆ ਈ ਨਹੀਂ ਗਲੀ ਚੋਂ ਲੰਘਦਾ
ਠੰਡੀ ਵਾ ਦਾ ਬੁਲਾ
ਖੂਹ ਨੂੰ ਜਾਂਦੀ ਰਾਹ ਤੇ ਮਿਲਿਆ
ਸੱਜਰੇ ਚੰਨ ਦਾ ਟੋਟਾ
ਸ਼ਿਕਰ ਦੁਪਹਿਰੀਂ ਕੋਠੇ ਚੜ੍ਹ ਕੇ
ਕਿੰਨ ਮਿੰਨ ਲਾਉਂਦਾ ਬੱਦਲ
ਸਾਂਝੀ ਕੰਧ ਤੇ ਨਿੱਤ ਖਲੋ ਕੇ
ਹੱਸਦਾ ਫੁੱਲ ਗੁਲਾਬੀ
ਭੁੱਲਿਆ ਈ ਨਹੀਂ ਬਾਰੀ ਦੇ ਵਿਚ
ਸੂਰਜ ਭਖ਼ਦਾ ਹੋਇਆ
ਅੱਧੀ ਰਾਤੀਂ ਪਿੰਡ ਦੀ ਗੁੱਠ ਤੇ
ਬਲਦਾ ਬੁਝਦਾ ਦੀਵਾ
ਨਹਿਰ ਦੇ ਕੰਢੇ ਲੱਗਿਆ ਹੋਇਆ
ਗੁੰਧੇ ਰੂਪ ਦਾ ਮੇਲਾ
ਜਿੱਥੇ ਹੈ ਸੀ ਇੱਕ ਇੱਕ ਰੁੱਖ ਦੀ
ਸੱਜਣਾਂ ਵਰਗੀ ਛਾਂ
ਇੰਜ ਲਗਦਾ ਏ ਛੱਡ ਆਇਆ ਵਾਂ
ਅੱਖਾਂ ਓਸੇ ਥਾਂ