ਅੱਖਾਂ ਇੰਜ ਨਹੀਂ ਭਰੀਆਂ ਹੋਈਆਂ

ਅੱਖਾਂ ਇੰਜ ਨਹੀਂ ਭਰੀਆਂ ਹੋਈਆਂ
ਹਾਸੇ ਵਿਚ ਨੇਂ ਮਰੀਆਂ ਹੋਈਆਂ

ਤੂੰ ਅੱਧੀਆਂ ਵੀ ਸੁਣ ਨਹੀਂ ਸਕਦਾ
ਮੈਂ ਜਿੰਨੀਆਂ ਨੇਂ ਜਰੀਆਂ ਹੋਈਆਂ

ਚਿੱਤਰ ਸੜੀਆਂ, ਸਾਵਣ ਸੁਕੀਆਂ
ਫ਼ਿਰ ਕਦੇ ਨਾ ਹਰੀਆਂ ਹੋਈਆਂ

ਕਿੰਜ ਦਾ ਦੌਰ ਏ ਇਕ ਦੋ ਜੀ ਤੋਂ
ਕੰਧਾਂ ਵੀ ਨੇਂ ਡਰੀਆਂ ਹੋਈਆਂ

ਤੂੰ ਜੇ ਨਹੀਂ ਤੇ ਓਥੇ ਕੀ ਏ
ਭਾਵੇਂ ਸੱਤ ਸੌ ਪਰੀਆਂ ਹੋਈਆਂ

ਦੋ ਕੰਢਿਆਂ ਦੇ ਰੌਲੇ ਵਿਚ ਕਈ
ਡੁੱਬ ਗਈਆਂ ਨੇ ਤਰੀਆਂ ਹੋਈਆਂ

ਸੱਜਣਾਂ ਵਾਂਗੂੰ ਸੰਧੂ ਸਾਥੋਂ
ਸੱਜਣਾਂ ਨਾਂ ਕਾਰੀਗਰੀਆਂ ਹੋਈਆਂ