ਇੱਕ ਵਾਰੀ ਤੇ ਆ

ਪਿੰਡਾਂ ਦੀ ਏ ਰੀਤ ਵੀ ਉਹੀਓ
ਦੋਹੜੇ ਮਾਹੀਏ ਗੀਤ ਵੀ ਉਹੀਓ
ਕਸਮੇ ਪਿਆਰ ਪ੍ਰੀਤ ਵੀ ਉਹੀਓ
ਓਵੇਂ ਈ ਨੇ ਦਿਲਾਂ ਦੇ ਅੰਦਰ
ਰੋਜ਼ ਮਿਲਣ ਦੇ ਚਾਅ
ਇੱਕ ਵਾਰੀ ਤੇ ਆ
ਵੇ ਸੱਜਣਾ
ਇੱਕ ਵਾਰੀ ਤੇ ਆ

ਸੁਬਹ ਸ਼ਾਮ ਦੁਪਹਿਰਾਂ ਉਹੀਓ
ਛੱਲਾਂ ਕੰਢੇ ਲਹਿਰਾਂ ਉਹੀਓ
ਨਿੱਕੀਆਂ ਵੱਡੀਆਂ ਨਹਿਰਾਂ ਉਹੀਓ
ਓਵੇਂ ਈ ਅਜੇ ਵਗਦੇ ਪਏ ਨੇ
ਸਾਡੇ ਪੰਜ ਦਰਿਆ
ਇੱਕ ਵਾਰੀ ਤੇ ਆ
ਵੇ ਸੱਜਣਾ
ਇੱਕ ਵਾਰੀ ਤੇ ਆ

ਗੱਲਾਂ ਉਹੀਓ, ਬਾਤਾਂ ਉਹੀਓ
ਚੰਨ ਚਾਨਣੀਆਂ ਰਾਤਾਂ ਉਹੀਓ
ਬਦਲ ਤੇ ਬਰਸਾਤਾਂ ਉਹੀਓ
ਓਵੇਂ ਈ ਅਜੇ ਘੁੱਲਦੀ ਪਈ ਏ
ਠੰਡੀ ਠੰਡੀ ਵਾ
ਇਕ ਵਾਰੀ ਤੇ ਆ
ਵੇ ਸੱਜਣਾ
ਇੱਕ ਵਾਰੀ ਤੇ ਆ

ਇੱਕ ਦੂਜੇ ਦੀ ਲੋੜ ਵੀ ਓਵੇਂ
ਵੱਟਾਂ ਬੰਨੇ ਮੋੜ ਵੀ ਓਵੇਂ
ਪਿੱਪਲ ਟਾਲ੍ਹੀ ਬੋੜ੍ਹ ਵੀ ਓਵੇਂ
ਓਵੇਂ ਈ ਏ ਲੋਕਾਂ ਦੇ ਵਿਚ
ਅੱਜ ਵੀ ਪਿਆਰ ਵਫ਼ਾ
ਇੱਕ ਵਾਰੀ ਤੇ ਆ
ਵੇ ਸੱਜਣਾ
ਇੱਕ ਵਾਰੀ ਤੇ ਆ

ਗਲੀਆਂ ਓਵੇਂ,ਰਾਹ ਵੀ ਓਵੇਂ
ਹੱਸਦੀ ਕਣਕ ਕਪਾਹ ਵੀ ਓਵੇਂ
ਘਰ ਘਰ ਪੱਕਦੀ ਚਾਹ ਵੀ ਓਵੇਂ
ਓਵੇਂ ਈ ਨੇਂ ਬਹਿੰਦੇ ਸਾਰੇ
ਇੱਕ ਥਾਂ ਅੱਗ ਭਖ਼ਾ
ਇੱਕ ਵਾਰੀ ਤੇ ਆ
ਵੇ ਸੱਜਣਾ
ਇੱਕ ਵਾਰੀ ਤੇ ਆ

ਪੰਨੀਆਂ ਖੰਡ ਪਤਾਸੇ ਓਵੇਂ
ਖ਼ੁਸ਼ੀਆਂ ਪਿਆਰ ਦਿਲਾਸੇ ਓਵੇਂ
ਦੋਵੇਂ ਨੈਣ ਪਿਆਸੇ ਓਵੇਂ
ਸੰਧੂ ਤੇਰੀ ਰਾਹ ਤੇ ਬੈਠੇ
ਅੱਜ ਵੀ ਆਸਾਂ ਲਾ
ਇੱਕ ਵਾਰੀ ਤੇ ਆ
ਵੇ ਸੱਜਣਾ
ਇੱਕ ਵਾਰੀ ਤੇ ਆ