ਆਖਣ ਨੂੰ ਤੇ ਸ਼ਾਇਰ ਬਥੇਰੇ ਨੀਂਂ

ਆਖਣ ਨੂੰ ਤੇ ਸ਼ਾਇਰ ਬਥੇਰੇ ਨੀਂਂ
ਮੈਂ ਕਾਗ਼ਜ਼ ਤੇ ਸੱਚੇ ਹਰਫ਼ ਉਕੀਰੇ ਨੇਂ

ਮੈਂ ਲਫ਼ਜ਼ਾਂ ਨੂੰ ਆਪਣੇ ਗ਼ਮ ਵਿਚ ਖੁਣਿਆ ਏ
ਇਹਦੇ ਵਿਚ ਮੈਂ ਦਿਲ ਦੇ ਅੱਥਰੂ ਕੇਰੇ ਨੇਂ

ਅੱਜ ਦੀ ਨਹੀਂ ਇਹ ਸਦੀਆਂ ਤੋਂ ਜੰਗ ਜਾਰੀ ਏ
ਪਰ ਹੁਣ ਵੈਰੀਆਂ ਡਾਢੇ ਪਾਏ ਘੇਰੇ ਨੇਂ

ਦਿਲ ਦੀਆਂ ਅੱਖਾਂ ਨਾਲ਼ ਈ ਰਸਤਾ ਲੱਭਣਾ ਏ
ਸੱਜਣਾ! ਚਾਰੇ ਪਾਸੇ ਘੁੱਪ ਹਨੇਰੇ ਨੇਂ

ਚੰਗੇ ਰਹਸੋ ਰੋਕ ਲਵੋ ਜੇ ਪਰਦੇਸੀ
ਸਾਡੇ ਇੱਥੇ ਜੋਗੀਆਂ ਵਾਲੇ ਫੇਰੇ ਨੇਂ

ਭੀੜ ਪਈ ਤੇ ਕੋਈ ਨੇੜੇ ਲਗਦਾ ਨਹੀਂ
ਇੰਜ ਤੇ ਆਰਿਫ਼ ਸੱਜਣ ਯਾਰ ਬਥੇਰੇ ਨੇਂ