ਪਿੱਪਲ ਭੋਈਂ ਨਾਲ਼ ਗੱਲਾਂ

ਤੈਂਡਾ ਬਢੜਾ ਮਾਸ ਕਜੀਨਦਾ
ਤੈਂਡੀ ਖੂੰਡੀ ਰੋਜ਼ ਖੁਲੀਂਦੀ
ਬੂਹੇ ਸੂਰਜ ਦੇ
ਤੈਂਡੀ ਅੱਖ ਜੰਗਲਾਂ ਦੀ ਬੂਟੀ
ਸਾਡੇ ਦਿਲ ਰੰਗੇ
ਤੈਂਡੀ ਵਾ ਸਾਡਾ ਸਿਰਨਾਵਾਂ
ਸਾਡੇ ਸਿਰ ਕੁੱਜੇ

ਤੈਂਡੀ ਕਣਕਾਂ ਰੋਟੀ ਹੋਈਆਂ
ਸਾਡੇ ਚੁੱਲ੍ਹੇ ਤੇ
ਤੈਂਡੇ ਪਾਣੀ ਨੂਰ ਖਿਲਾਰੇ
ਨਾਨਕ ਬੁਲ੍ਹੇ ਤੇ

ਤੈਂਡੀ ਭੇਡਾਂ ਘਰ ਨਹੀਂ ਆਈਆਂ
ਸ਼ਾਮਾਂ ਹੋਈਆਂ ਨੇਂ
ਤੈਂਡੇ ਖ਼ਾਲੀ ਰਹਿ ਗਏ ਭਾਂਡੇ
ਮੱਝਾਂ ਰੋਈਆਂ ਨੇਂ

ਤੈਂਡੇ ਬੇਲੇ ਕੰਡੇ ਕਾਨੇ
ਹੋਏ ਘਾਹ ਵੱਡੇ
ਤੈਂਡੇ ਵੀੜ੍ਹੇ ਫੁਲੋਂ ਵਾਂਝੇ
ਦਰਦਾਂ ਦਿਲ ਗੱਡੇ

ਤੈਂਡਾ ਵਧਦਾ ਰਵੇ ਚਾਨਣ
ਅਸੀਂ ਮੁੱਕ ਗਏ ਆਂ
ਤੈਂਡੀ ਵਗਦੀ ਰਵੇ ਰਾਵੀ
ਅਸੀਂ ਸੁੱਕ ਗਏ ਆਂ

ਵਿੱਤ ਕੌਣ ਗਡੀਸੀ ਕਣਕਾਂ
ਕਿਹੜਾ ਰੰਗ ਰੰਗੇ
ਵਿੱਤ ਕੌਣ ਮਹਿੱਟਰ ਜਮਸੀ
ਜਿਵੇਂ ਤੋਂ ਜਮੈ!

ਹਵਾਲਾ: ਸੇਜਲ਼, ਸਾਂਝ; ਸਫ਼ਾ 118 ( ਹਵਾਲਾ ਵੇਖੋ )