ਸਿਪਾਹੀ ਦਾ ਦਿਲ

ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ,
ਪੈਰ ਧਰਨ ਦੇ ਮੈਨੂੰ ਰਕਾਬ ਉੱਤੇ
ਸਾਡੇ ਦੇਸ਼ 'ਤੇ ਬਣੀ ਹੈ ਭੀੜ ਭਾਰੀ,
ਟੁੱਟ ਪਏ ਨੇ ਵੈਰੀ ਪੰਜਾਬ ਉੱਤੇ

ਰੋ ਰੋ ਕੇ ਪਾਣੀ ਨਾ ਫੇਰ ਐਵੇਂ,
ਮੇਰੇ ਸੋਹਣੇ ਪੰਜਾਬ ਦੀ ਆਬ ਉੱਤੇ
ਸਰੂ ਵਰਗੀ ਜਵਾਨੀ ਮੈਂ ਫੂਕਣੀ ਏਂ,
ਬਹਿ ਗਏ ਭੂੰਡ ਜੇ ਆ ਕੇ ਗੁਲਾਬ ਉੱਤੇ

ਕਿਹੜੀ ਗੱਲੋਂ ਤੂੰ ਹਉਕੇ ਤੇ ਲਏਂ ਹਉਕਾ,
ਕਿਹੜੀ ਗੱਲੋਂ ਤੂੰ ਅੱਖਾਂ ਸੁਜਾਈਆਂ ਨੇ ?
ਲਾਂਘੇ ਪੰਜਾਂ ਦਰਿਆਵਾਂ ਦੇ ਸਨ ਥੋਹੜੇ
ਜੋ ਤੂੰ ਹੋਰ ਦੋ ਨਦੀਆਂ ਚੜ੍ਹਾਈਆਂ ਨੇ

ਫੂਹੀ ਫੁਹੀ ਨੂੰ ਸਹਿਕਦੇ ਵੀਰ ਮੇਰੇ,
ਕੀ ਕਰਾਂ ਮੈਂ ਦੁੱਧਾਂ ਛੁਹਾਰਿਆਂ ਨੂੰ
ਸਾਥੀ ਤੜਫਦੇ ਪਏ ਨੇ ਖ਼ਾਕ ਅੰਦਰ,
ਪੱਛੀ ਲਾਵਾਂ ਮੈਂ ਮਹਿਲਾਂ ਚੁਬਾਰਿਆਂ ਨੂੰ

ਫ਼ੌਜੀ ਬਾਜਿਆਂ ਆਣ ਘਨਘੋਰ ਪਾਈ,
ਲੱਗ ਰਿਹਾ ਏ ਡਗਾ ਨਗਾਰਿਆਂ ਨੂੰ
ਮੇਰੇ ਘੋੜੇ ਵੀ ਚੁੱਕ ਲਏ ਕੰਨ ਦੋਵੇਂ,
ਦੇਖ ਇਹਦਿਆਂ ਖੁਰਾਂ ਫੁੰਕਾਰਿਆਂ ਨੂੰ

ਡੌਲੇ ਫਰਕਦੇ ਪਏ ਨੇ ਅੱਜ ਮੇਰੇ,
ਜੋਸ਼ ਨਾਲ ਪਈ ਕੰਬਦੀ ਜਾਨ ਮੇਰੀ
ਜੀਭਾਂ ਕੱਢਦੇ ਪਏ ਨੇ ਤੀਰ ਗਿਠ ਗਿਠ,
ਪਈ ਆਕੜਾਂ ਭੰਨਦੀ ਕਮਾਨ ਮੇਰੀ

ਵਿਚ ਰੰਗ ਦੇ ਮਸਤ ਮਲੰਗ ਹੋ ਕੇ,
ਲਾਈਏ ਤਾਰੀਆਂ ਅਸੀਂ ਝਨਾਂ ਅੰਦਰ
ਵਿਚ ਜੰਗ ਦੇ ਤਲੀ 'ਤੇ ਜਾਨ ਧਰਕੇ,
ਲੜੀਏ ਅਸੀਂ ਤਲਵਾਰਾਂ ਦੀ ਛਾਂ ਅੰਦਰ

ਵਿਚ ਰੰਗ ਦੇ ਛਿੰਜਾਂ ਤੇ ਘੋਲ ਪਾਈਏ,
ਢੋਲੇ ਗਾਵੀਏ ਹਲਾਂ ਦੇ ਗਾਹ ਅੰਦਰ
ਵਿਚ ਜੰਗ ਦੇ ਖ਼ੂਨ ਦੀ ਲਾ ਮਹਿੰਦੀ,
ਪਾਈਏ ਬਾਂਹ ਤਲਵਾਰ ਦੀ ਬਾਂਹ ਅੰਦਰ

ਅਸੀਂ ਪੰਜਾਂ ਦਰਿਆਵਾਂ ਦੇ ਸ਼ੇਰ ਦੂਲੇ,
ਦੋਹਾਂ ਦੇਵੀਆਂ ਨੂੰ ਨਿਮਸ਼ਕਾਰ ਸਾਡੀ
ਵਿਚ ਰੰਗ ਦੇ ਦੇਵੀ ਹੈ ਨਾਰ ਸਾਡੀ,
ਵਿਚ ਜੰਗ ਦੇ ਦੇਵੀ ਕਟਾਰ ਸਾਡੀ

ਵਿਚ ਜੰਗ ਦੇ ਭਾਵੇਂ ਮੈਂ ਚੱਲਿਆ ਹਾਂ,
ਤਾਂ ਵੀ ਰਖਸਾਂ ਤੇਰਾ ਖ਼ਿਆਲ ਪਿਆਰੀ
ਬੁੰਦੇ ਸਮਝ ਕੇ ਤੇਰੇ ਮੈਂ ਛੱਰਿਆਂ ਨੂੰ,
ਲਾਸਾਂ ਘੁੱਟ ਕਲੇਜੇ ਦੇ ਨਾਲ ਪਿਆਰੀ

ਧੂੰਆਂ ਵੇਖ ਕੇ ਤੋਪਾਂ 'ਚੋਂ ਪੇਚ ਖਾਂਦਾ,
ਤੇਰੇ ਸਮਝਸਾਂ ਘੁੰਗਰੇ ਵਾਲ ਪਿਆਰੀ
ਤੇਰੇ ਪਲਕਾਂ ਦੀ ਯਾਦ ਵਿਚ ਤੀਰ ਖਾਸਾਂ,
ਹਾਥੀ ਵੇਖ ਚਿਤਾਰਸਾਂ ਚਾਲ ਪਿਆਰੀ

ਜੇ ਮੈਂ ਜੀਂਦਾ ਜਾਗਦਾ ਪਰਤ ਆਇਆ,
'ਰੱਖ ਸਾਈਂ ਦੀ' ਮੈਨੂੰ ਬੁਲਾ ਛੱਡੀਂ
ਨਹੀਂ ਤਾਂ ਪੁੱਤ ਜਦ ਮੇਰਾ ਜਵਾਨ ਹੋਇਆ,
ਤੇਗ਼ ਓਸ ਨੂੰ ਮੇਰੀ ਫੜਾ ਛੱਡੀਂ

ਹਵਾਲਾ: ਕਿਤਾਬ: ਸਾਵੇ ਪੁੱਤਰ