ਆਪਣੇ ਰੱਬ ਨਾਲ਼ ਗੱਲਾਂ

ਝੰਜਲ ਵਿਚ ਪਾ ਕੇ ਸਾਨੂੰ ਰੱਬਾ ਬੈਠਾ ਏਂ ਆਪ ਆਸਮਾਨਾਂ ਤੇ
ਪਤਾ ਏ ਤੈਨੂੰ ਹੁੰਦੇ ਨੇਂ ਅੱਜ ਕੀ ਕੀ ਜ਼ੁਲਮ ਇਨਸਾਨਾਂ ਤੇ

ਤੈਨੂੰ ਕੀ ਕੋਈ ਤੇਰੇ ਬੂਹੇ ਤੇ ਧੀ ਤੇ ਰੁੱਸ ਕੇ ਆਉਣੀ ਨਹੀਂ
ਮੱਛਰ ਤੈਨੂੰ ਲੜਨਾ ਨਹੀਂ ਤੇ ਰੋਟੀ ਤੂੰ ਪਕੋਨੀ ਨਹੀਂ
ਨਾ ਤੂੰ ਕਿਸੇ ਵੱਲ ਜਾਣਾ ਏਂ ਆਉਣੀ ਤੇਰੇ ਕੋਈ ਪਰੋਣੀ ਨਹੀਂ

ਨਾ ਪੈਲੀਆਂ ਦੇ ਵਿਚ ਹੱਲ ਵਾਨਾਂ ਏਂ ਨਾ ਬਹਿਣਾ ਏਂ ਤੂੰ ਦੁਕਾਨਾਂ ਤੇ
ਪਤਾ ਏ ਤੈਨੂੰ ਹੁੰਦੇ ਨੇਂ ਅੱਜ ਕੀ ਕੀ ਜ਼ੁਲਮ ਇਨਸਾਨਾਂ ਤੇ

ਛੇ ਸੱਤ ਤੇਰੇ ਬਾਲ ਜੇ ਹੁੰਦੇ ਹੱਥੀਂ ਕਰਕੇ ਖਾਂਦੋਂ ਤੂੰ
ਸਾਇਕਲ ਸਕੂਟਰ ਕੋਲ਼ ਨਾ ਹੁੰਦਾ ਟੁਰ ਕੇ ਕੰਮ ਤੇ ਜਾਂਦੋਂ ਤੂੰ

ਤੈਨੂੰ ਵੇਹੰਦਾ ਚੱਲਦਿਓਂ ਰੱਬਾ ਕਿਸ ਤਰ੍ਹਾਂ ਤੂੰ ਕੁਰਾਨਾਂ ਤੇ
ਪਤਾ ਏ ਤੈਨੂੰ ਹੁੰਦੇ ਨੇਂ ਅੱਜ ਕੀ ਕੀ ਜ਼ੁਲਮ ਇਨਸਾਨਾਂ ਤੇ

ਤੈਨੂੰ ਫ਼ਿਕਰ ਨਾ ਲੋਡ ਸ਼ੈਡਿੰਗ ਦੀ ਟੁੱਟੀ ਸੜਕ ਬਿਨਾਨੀ ਨਹੀਂ
ਧੋਤਰੀ ਤੇਰੀ ਜਿਮਨੀ ਨਹੀਂ ਤੇ ਨਾਨੀ ਤੂੰ ਦਫ਼ਨਾਨੀ ਨਹੀਂ

ਫਿਰ ਵੀ ਲਿਖਣੇ ਆਂ ਪਾਗਲਾਂ ਵਾਂਗੂੰ ਕਿੱਸੇ ਤੇਰੀਆਂ ਸ਼ਾਨਾਂ ਦੇ
ਪਤਾ ਏ ਤੈਨੂੰ ਹੁੰਦੇ ਨੇਂ ਅੱਜ ਕੀ ਕੀ ਜ਼ੁਲਮ ਇਨਸਾਨਾਂ ਤੇ

ਮੰਦਰ ਚਰਚ ਮਸੀਤਾਂ ਦੇ ਵਿਚ ਮੱਥੇ ਮੈਂ ਘਸਾਂਦਾਂ ਸਾਂ
ਸੇਵਨ ਸ਼ਰੀਫ਼ ਤੇ ਦਾਤਾ ਸਾਹਿਬ ਵੀ ਹਰ ਸਾਲ ਈ ਜਾਂਦਾਂ ਸਾਂ

ਇਹ ਸਭ ਕੁੱਝ ਕਸ਼ਫ਼ੀ ਕਰਦਾ ਰਿਹਾ ਏ ਰੱਬਾ ਤੇਰੇ ਬਿਆਨਾਂ ਤੇ
ਪਤਾ ਏ ਤੈਨੂੰ ਹੁੰਦੇ ਨੇਂ ਅੱਜ ਕੀ ਕੀ ਜ਼ੁਲਮ ਇਨਸਾਨਾਂ ਤੇ