ਓਕਾੜਾ ਮਿਲਟਰੀ ਫ਼ਾਰਮ

ਸੋਹਣੀ ਧਰਤੀ ਸਾਡੀ ਮਾਂ ਸਭ ਤੋਂ ਉੱਚਾ ਤੇਰਾ ਨਾਂ
ਦੇਨੀ ਏਂ ਤੂੰ ਸਾਨੂੰ ਦਾਣੇ ਰੰਗ ਬਰੰਗੇ ਪੱਕਣ ਖਾਣੇ
ਤੇਰਾ ਜ਼ੇਵਰ ਰੁਖ ਹਰਿਆਲੀ ਮਿੱਟੀ ਤੇਰੀ ਭਾਗਾਂ ਵਾਲੀ
ਪਰ ਅਸਾਂ ਨਾ ਤੇਰੀ ਕਦਰ ਪਛਾਣੀ ਜਦ ਵੀ ਟੁਰ ਗਏ ਤੇਰੇ ਹਾਣੀ
ਟਾਲੀ ਛੱਡ ਸਫ਼ੈਦਾ ਲਾ ਕੇ ਪਾਣੀ ਦੇ ਵਿਚ ਜ਼ਹਿਰ ਮਿਲਾ ਕੇ
ਰਾਖੇ ਤੇਰੇ ਬਨ ਗਏ ਡਾਕੂ ਸੱਚੀ ਗੱਲ ਤੋਂ ਮਾਰਨ ਚਾਕੂ
ਕੌਣ ਏ ਇਥੇ ਪੁੱਛਣ ਵਾਲਾ ਵੱਡੇ ਚੌਧਰੀ ਦਾ ਅਫ਼ਸਰ ਸਾਲ਼ਾ
ਧਰਤੀ ਸਾਡੀ ਦਾ ਰਖਵਾਲਾ ਕਿਸਾਨਾਂ ਨੂੰ ਦੇਸ ਨਿਕਾਲਾ
ਇਹ ਨੇਂ ਰੱਬ ਸੱਚੇ ਦੇ ਕੰਮ ਮੁੱਲਾਂ ਕਹਿੰਦਾ ਮੈਨੂੰ ਮੰਨ

ਅਫ਼ਸਰ ਸਾਡੇ ਬਹੇ ਜਵਾਨ ਫ਼ਤਿਹ ਕੀਤਾ ਨੇਂ ਪਾਕਿਸਤਾਨ
ਮੁਜ਼ਾਰੇ ਲੱਗੇ ਹੁਣ ਮੁਕਾਣ ਗੋਲੀਆਂ ਨਾਲ਼ ਜ਼ਮੀਨ ਛਡਾਣ
ਕੋਈ ਨਈਂ ਸੁੰਦਾ ਕਿੱਥੇ ਰੋਈਏ ਆਓ ਅਸੀਂ ਵੀ ਕਠਿਆਂ ਹੋਈਏ
ਗੱਲ ਕਸ਼ਫ਼ੀ ਦੀ ਸੁਣੋ ਭਿਰਾਓ ਆਪੇ ਬੀਜੋ ਆਪੇ ਖਾਓ

ਆਪਣੇ ਝਗੜੇ ਆਪ ਮੁਕਾਉ ਵੈਰੀਆਂ ਕੋਲੋਂ ਚੰਡ ਛੁੜਾਓ
ਘਰ ਆਪਣੇ ਨੂੰ ਕਰੋ ਆਬਾਦ ਚੌਕੀਦਾਰ ਨੂੰ ਦਿਓ ਜਵਾਬ
ਜ਼ਿੰਦਾ ਰਹਿਣਾ ਏਂ ਅਸਾਂ ਤਾਂ ਸੋਹਣੀ ਧਰਤੀ ਸਭ ਦੀ ਮਾਂ

ਸਭ ਤੋਂ ਉੱਚਾ ਤੇਰਾ ਨਾਂ