ਅਸਾਂ ਕਿਹੋ ਜਿਹੀ ਮਖ਼ਲੂਕ ਵੇ ਰੱਬਾ

ਸਾਨੂੰ ਕਹਿੰਦੇ ਜੀਉਂਣ ਜੋਗੀਆਂ ਪਰ ਜੰਮਦਿਆਂ ਮਰ ਗਏ ਲੇਖ
ਐਵੇਂ ਹੱਸਦਿਆਂ ਵੇਖ ਨਾ ਮਾਲਕਾ ਸਾਡੀ ਰੂਹ ਦੇ ਫੱਟ ਵੀ ਵੇਖ

ਅਸੀਂ ਪੀਤੇ ਹਾਸੇ ਘੋਟ ਕੇ ਅਸੀਂ ਖਾਦੇ ਕੁੱਟ ਕੁੱਟ ਦੁੱਖ
ਅਸੀਂ ਚੰਨ ਸਿਤਾਰੇ ਜੰਮਦੀਆਂ ਸਾਡੀ ਫ਼ੇਰ ਵੀ ਸੁੰਜੀ ਕੁਖ

ਅਸਾਂ ਜਭਿ ਤੇ ਚੁੱਪਾਂ ਸੀਤੀਆਂ ਸਾਡੀ ਵਿਹੜ੍ਹੇ ਖਾ ਗਏ ਕੂਕ
ਅਸੀਂ ਕਿਹੋ ਜਿਹੀ ਮਖ਼ਲੂਕ ਵੇ ਰੱਬਾ ਕਿਹੋ ਜਿਹੀ ਮਖ਼ਲੂਕ

ਸਾਡੇ ਕੰਨੀਂ ਝੁਮਕੇ ਰੋਗ ਦੇ ਸਾਡੇ ਨੱਕ ਪੀੜਾਂ ਦੀ ਨੱਥ
ਸਾਡੇ ਪੈਰੀਂ ਛਾਲੇ ਚੀਕਦੇ ਸਾਡੇ ਅਜ਼ਲੋਂ ਜੋੜੇ ਹੱਥ

ਜਦੋਂ ਮਿਲਿਆ ਸੱਕ ਉਦਾਸੀਆਂ ਸਾਡੇ ਨੀਲੇ ਹੋ ਗਏ ਬੁਲਹ
ਸਾਡੇ ਉਤੇ ਕੀ ਕੀ ਬੀਤੀਆਂ ਤੈਨੂੰ ਕਿਹੜੀ ਰੱਬਾ ਭੁੱਲ

ਅਸਾਂ ਘਰ ਦੇ ਚਾਨਣ ਵਾਸਤੇ ਸਾਹ ਆਪਣੇ ਦਿੱਤੇ ਫੂਕ
ਅਸੀਂ ਕਿਹੋ ਜਿਹੀ ਮਖ਼ਲੂਕ ਵੇ ਰੱਬਾ ਕਿਹੋ ਜਿਹੀ ਮਖ਼ਲੂਕ

ਸਾਡੇ ਮੰਨ ਵਿਚ ਕਾਅਬਾ ਪਿਆਰ ਦਾ ਸਾਡੀ ਅੱਖਾਂ ਵਿਚ ਮਸੀਤ
ਅਸਾਂ ਰਿਸ਼ਤਿਆਂ ਉਤੋਂ ਵਾਰੀਆਂ ਸਾਡੀ ਅਜ਼ਲੋਂ ਇਹੋ ਰੀਤ

ਸਾਨੂੰ ਕਹਿੰਦੇ ਲੋਗ ਨਿਮਾਣਿਆਂ ਸਾਡੀ ਕੋਈ ਨਾ ਹੋਰ ਪਛਾਣ
ਅਸਾਂ ਆਪਣੇ ਆਪ ਨੂੰ ਮਾਰਿਆ ਸਾਡੇ ਅੰਦਰ ਕਬਰਸਤਾਨ

ਹਰ ਪਾਸੇ ਗ਼ਮ ਦੀਆਂ ਬਾਰਸ਼ਾਂ ਵਿਚ ਕੱਲੀ ਜਿੰਦ ਮਲੂਕ
ਅਸੀਂ ਕਿਹੋ ਜਿਹੀ ਮਖ਼ਲੂਕ ਵੇ ਰੱਬਾ ਕਿਹੋ ਜਿਹੀ ਮਖ਼ਲੂਕ

ਇੰਜ ਸੁੱਟਿਆ ਵੇਲੇ ਛਾਣ ਕੇ ਜਿਵੇਂ ਆਟੇ ਵਿਚੋਂ ਛਾਣ
ਅਸੀਂ ਕਿਸ ਨੂੰ ਅਪਣਾ ਜਾਣੀਏ ਅਸੀਂ ਕਿਸ ਤੇ ਕਰੀਏ ਮਾਨ

ਸਾਡੇ ਹੱਥ ਵੇਲੇ ਦੀ ਵਾਗ ਸੀ ਤੂੰ ਕੋਲ਼ ਹੁੰਦਾ ਸੀ ਜਦ
ਤੇਰੇ ਬਾਝੋਂ ਵੇਖ ਲੈ ਬਾਬੁਲਾ ਸਾਡਾ ਹੁਣ ਨਈਂ ਬਚਿਆ ਅੱਧ

ਕਿਵੇਂ ਦੁੱਖ ਵਿਛੜਨ ਦਾ ਮਾਰਦਾ ਕਦੀ ਸੁਣ ਚਰਖ਼ੇ ਦੀ ਘੂਕ
ਅਸੀਂ ਕਿਹੋ ਜਿਹੀ ਮਖ਼ਲੂਕ ਵੇ ਰੱਬਾ ਕਿਹੋ ਜਿਹੀ ਮਖ਼ਲੂਕ