ਇਸ਼ਕ ਦੀ ਬਾਜ਼ੀ ਜਿੱਤੀ ਏ ਕਿ ਹਾਰੀ ਏ

ਇਸ਼ਕ ਦੀ ਬਾਜ਼ੀ ਜਿੱਤੀ ਏ ਕਿ ਹਾਰੀ ਏ
ਇਹਦੇ ਤੇ ਗੱਲ ਬਾਤ ਅਜੇ ਤੱਕ ਜਾਰੀ ਏ

ਭਾਵੇਂ ਦਿਲ ਦੇ ਬੂਹੇ ਜਿੰਦਰੇ ਲਾ ਛੱਡੇ
ਕੋਈ ਨਾ ਕੋਈ ਤੇ ਅਜੇ ਵੀ ਖੁੱਲੀ ਬਾਰੀ ਏ

ਧੋਕਾ ਦੇਵਣ ਲੱਗਿਆਂ ਇੰਨਾਂ ਸੋਚ ਲਵੀਂ
ਅੱਜ ਤੇਰੀ ਤੇ ਕੱਲ੍ਹ ਨੂੰ ਸਾਡੀ ਵਾਰੀ ਏ

ਨੈਣਾਂ ਰਾਹੀਂ ਪੀੜਾਂ ਕਰਦਿਆਂ ਰਾਤਾਂ ਨੂੰ
ਅਕਲਾਪੇ ਦਾ ਵਾਰ ਬੜਾ ਈ ਕਾਰੀ ਏ

ਨਾ ਸਮਝੇਂ ਤੇ ਚੁੱਪ ਦਾ ਮਤਲਬ ਕੁੱਝ ਵੀ ਨਈਂ
ਸਮਝ ਲਵੇਂ ਤੇ ਗੱਲ ਏ ਵੱਡੀ ਸਾਰੀ ਏ

ਜੀਨ ਮਰਨ ਦਾ ਅੱਜ ਤਮਾਸ਼ਾ ਹੋਣਾ ਏਂ
ਬੋਲੇ ਕੋਈ ਨਾ ਜਿਹਨੂੰ ਜਾਨ ਪਿਆਰੀ ਏ

ਕੁੱਝ ਲੋਕਾਂ ਦੇ ਬੋਲ ਗੁਲਾਬ ਤੋਂ ਨਾਜ਼ੁਕ ਨੇਂ
ਕੁੱਝ ਲੋਕਾਂ ਦੇ ਮੂੰਹ ਵਿਚ ਲੱਗੀ ਆਰੀ ਏ

ਮੁੱਲਾਂ ਫ਼ਾਜ਼ਲ ਪੰਡੱਤ ਕੋਈ ਵੀ ਬਚਿਆ ਨਹੀਂ
ਇਸ਼ਕ ਦੇ ਅੱਗੇ ਨਾਈਲਾ ਕੌਣ ਵੀਚਾਰੀ ਏ