ਛਿੱਕੇ ਧਰ ਕੇ ਸੰਗਾਂ ਨੂੰ

ਛਿੱਕੇ ਧਰ ਕੇ ਸੰਗਾਂ ਨੂੰ।
ਪਾ ਸ਼ਗਨਾ ਦੀਆਂ ਵੰਗਾਂ ਨੂੰ।

ਜਦ ਆਈ ਚੱਟ ਜਾਵੇਗੀ,
ਧੁੱਪ ਫੁੱਲਾਂ ਦੇ ਰੰਗਾਂ ਨੂੰ।

ਦੂਜੀ ਜੂਹ ਲੈ ਜਾਵੇਗੀ,
ਬਹੁਤੀ ਡੋਰ ਪਤੰਗਾਂ ਨੂੰ।

ਰੱਬਾ ਬੰਦੇ ਨੂੰ ਸਮਝਾ,
ਛੱਡ ਦਵੇ ਹੁਣ ਜੰਗਾਂ ਨੂੰ।

ਉਸ ਦੀ ਹੈਸੀਅਤ ਵੀ ਦੇਖ,
ਸੀਮਤ ਕਰਲੈ ਮੰਗਾਂ ਨੂੰ।

ਨੰਗਾ ਕਰ ਕੇ ਤੀਰ ਬਣੀ,
ਪਤਝੜ ਰੁੱਖ ਦੇ ਅੰਗਾਂ ਨੂੰ।

ਏ. ਸੀ. ਦੇ ਵਿਚ ਮਾਣੇਂਗਾ,
ਕਦ ਤੱਕ ਲੁਤਫ਼ ਤਰੰਗਾਂ ਨੂੰ।

ਲੋਕਾਂ ਨੇ ਹੈ ਬਦਲ ਲਿਆ,
ਜੀਣ ਮਰਣ ਦੇ ਢੰਗਾਂ ਨੂੰ।

ਗੋਡਾ ਗਿੱਟਾ ਫੁਟ ਜਾਊ 'ਨੂਰ'
ਛੱਡ ਦੇ ਇਸ਼ਕ ਛਲੰਗਾਂ ਨੂੰ