ਧੁੱਪ ਦੀਆਂ ਤੈਹਾਂ ਸਿਰ 'ਤੇ ਧਰ ਜਾਵੇਗਾ

ਧੁੱਪ ਦੀਆਂ ਤੈਹਾਂ ਸਿਰ 'ਤੇ ਧਰ ਜਾਵੇਗਾ।
ਫੁੱਲਾਂ ਦਾ ਮੁੱਖ ਬੇਰੰਗਾ ਕਰ ਜਾਵੇਗਾ।

ਪਲਕਾਂ ਚੁੱਕ ਕੇ ਦੇਖ ਲਿਆ ਕਰ ਮੇਲ ਸਮੇਂ,
ਤੇਰੇ ਦੇਖਣ ਨਾਲ ਮੇਰਾ ਸਰ ਜਾਵੇਗਾ।

ਮਾਰ ਲਿਆ ਕਰ ਗਿਲਤੀ ਕੁੱਝ ਮੁਸਕਾਨਾਂ ਦੀ,
ਆਹਾਂ ਦੀ ਬੁੱਕਲ ਵਿਚ ਦਿਲ ਠਰ ਜਾਵੇਗਾ।

ਕਿੰਨਾ ਚਿਰ ਝੱਖੜ ਨੇ ਝੁਲਦੇ ਰਹਿਣਾ ਹੈ,
ਘਿਰਿਆ ਪੰਛੀ, ਆਖ਼ਰ ਨੂੰ ਘਰ ਆਵੇਗਾ।

ਜੀਵਨ ਦੇ ਉਸ ਪੰਛੀ ਦੀ ਨਾ ਮੰਜ਼ਿਲ ਮਿੱਥ,
ਉਡਣੋਂ ਪਹਿਲਾਂ ਕਟ ਜਿਸ ਦਾ ਪਰ ਜਾਵੇਗਾ।

ਤੋਰ ਮਿਰੀ ਦੇ ਨਾਲ ਰਲਾ ਕੇ ਡਿੰਘਾਂ ਭਰ,
'ਲੱਕੜ' ਦੇ ਸੰਗ ਲੋਹਾ ਵੀ ਤਰ ਜਾਵੇਗਾ।

ਬੇਸਮਝਾ! ਤੂੰ ਬਾਤ ਨਾ ਉਸ ਦੀ ਦਿਲ ਨੂੰ ਲਾ,
ਭੂਤ ਨਸ਼ੇ ਦਾ ਰਾਤੀਂ ਉੱਤਰ ਜਾਵੇਗਾ।

ਸ਼ਰਤ ਕਦੇ ਨਾ ਲਾਵੀਂ ਇਸ਼ਕ-ਮੁਹੱਬਤ ਵਿਚ,
ਹਰ ਇਕ ਸੱਚਾ, ਆਖ਼ਰ ਨੂੰ ਹਰ ਜਾਵੇਗਾ।

'ਨੂਰ' ਕਦੋਂ ਤੱਕ ਸਾਂਭੂ ਜਿੰਦ ਮਜਾਜਣ ਨੂੰ,
ਇਕ ਦਿਨ ਅਜਲਾਂ ਦਾ ਲਾੜ੍ਹਾ ਵਰ ਜਾਵੇਗਾ।