ਯਾਦਾਂ ਦੇ ਝੱਖੜ ਨੇ ਕੀਤੇ ਝੱਲੇ ਹਾਂ

ਯਾਦਾਂ ਦੇ ਝੱਖੜ ਨੇ ਕੀਤੇ ਝੱਲੇ ਹਾਂ।
ਬਿਰਹਾ ਦੇ ਬੂਹੇ 'ਤੇ ਬੈਠੇ, ਕੱਲੇ ਹਾਂ।

ਪਿਆਰ ਤਿਰੇ ਨੂੰ, ਕਸਵੱਟੀ 'ਤੇ ਪਰਖਾਂਗੇ,
ਇਸ਼ਕ-ਝਨਾਂ 'ਚੋਂ 'ਸੋਹਣੀ' ਲੱਭਣ ਚੱਲੇ ਹਾਂ।

ਜ਼ਖ਼ਮੀ ਸੁਫ਼ਨੇ ਬੂਹਕਣ ਯਾਦ-ਪਟਾਰੀ ਵਿਚ,
ਦੇਖਣ ਵਾਲੇ ਸਮਝਣ, ਬੱਲੇ-ਬੱਲੇ ਹਾਂ।

ਆਉਂਦੀ ਵਾਂਗ ਹਵਾਵਾਂ, ਛੂੰਹਦੀ ਲੰਘ ਜਾਂਦੀ,
ਯਾਦ ਤਿਰੀ ਦੇ ਸਹਿੰਦਾ ਵਾਰ ਅਵੱਲੇ ਹਾਂ।

ਉਹ ਉੱਥੇ, ਮੈਂ ਇੱਥੇ ਭਟਕਾਂ ਨ੍ਹੇਰੇ ਵਿਚ,
ਦੋਵੇਂ ਰਹਿੰਦੇ ਇੱਕੋ ਸੂਰਜ ਥੱਲੇ ਹਾਂ।

ਰਹਿਣ ਨਹੀਂ ਜੇ ਦੇਣਾ ਨਾਲ ਮੁਹੱਬਤ ਦੇ,
ਸਾਂਭੋ ਲੋਕੋ ਦੁਨੀਆਂ! ਆਪਾਂ ਚੱਲੇ ਹਾਂ।

ਕੌਣ ਖ਼ਰੀਦੇ ਵਿੱਤੋਂ ਬਾਹਰੀ ਕੀਮਤ 'ਤੇ,
ਸ਼ਾਇਰ ਹਾਂ ਸ਼ੇਅਰਾਂ ਤੋਂ ਵੱਧ ਸਵੱਲੇ ਹਾਂ।

ਵਿਹਲੇ ਕਰਕੇ ਦਫ਼ਤਰ ਨੇ ਘਰ ਘੱਲ ਦਿੱਤੇ,
ਖਾਂਦੇ-ਫਿਰਦੇ ਐਧਰ-ਉੱਧਰ ਟੱਲੇ ਹਾਂ।

ਸ਼ਿਕਵਾ ਕਰਨਾ ਹੈ ਤਾਂ ਕਰ ਉਸ ਅੱਗੇ 'ਨੂਰ',
ਜਿਸ ਨੇ ਹੌਕੇ ਦੇ ਕੇ ਜੱਗ 'ਤੇ ਘੱਲੇ ਹਾਂ।