ਤੇਰੇ ਨੈਣਾਂ ਵਿੱਚ ਅਦਾਵਾਂ ਹੋਣਗੀਆਂ

ਤੇਰੇ ਨੈਣਾਂ ਵਿੱਚ ਅਦਾਵਾਂ ਹੋਣਗੀਆਂ।
ਮੇਰੇ ਖ਼ਾਬਾਂ ਵਿੱਚ ਇਛਾਵਾਂ ਹੋਣਗੀਆਂ।

ਨਾ ਤੂੰ, ਨਾ ਮੈਂ, ਹੋਵਾਂਗੇ ਧਰਤੀ ਉੱਤੇ,
ਸਾਡੇ ਸਾਹਾਂ ਦੀਆਂ ਹਵਾਵਾਂ ਹੋਣਗੀਆਂ।

ਗੇੜੇਂਗਾ ਤੂੰ ਜਦ ਵੀ ਹਲਟ ਸਰਾਪਾਂ ਦਾ,
ਭਰੀਆਂ ਟਿੰਡਾਂ ਵਿੱਚ ਦੁਆਵਾਂ ਹੋਣਗੀਆਂ।

ਜਦ ਉਹ ਮਰੀਆਂ, ਵੈਣ ਗੁਆਂਢਾਂ ਤੱਕ ਪਹੁੰਚੇ,
'ਰੀਝਾਂ' ਦੇ ਘਰ ਰੋਈਆਂ ਮਾਵਾਂ ਹੋਣਗੀਆਂ।

ਨਾਲ ਮਿਰੇ ਤੁਰ, ਦੇਖੀਂ ਲੋਕ-ਨਿਗਾਹਾਂ ਵੱਲ,
ਘੂਰਦੀਆਂ ਸਭ ਚਾਰ-ਦਿਸ਼ਾਵਾਂ ਹੋਣਗੀਆਂ।

ਟੁੱਟੇਂਗਾ, ਸੁੱਕ ਜਾਵੇਂਗਾ ਪੱਤਿਆਂ ਵਾਂਗੂੰ,
ਨਾਲ ਰਹੇਂਗਾ, ਛੱਤਰੀਂ ਛਾਵਾਂ ਹੋਣਗੀਆਂ।

ਸਮਝ ਲਿਆ ਤੂੰ ਜਿਸ ਨੂੰ ਝੱਖੜ ਰੋਹੀਆਂ ਦਾ,
ਬਿਰਹਾ ਮਾਰੇ ਦਿਲ ਦੀਆਂ ਆਹਾਂ ਹੋਣਗੀਆਂ।

'ਯਾਦਾਂ ਦੇ ਅੱਖਰ' ਦਿਲ ਉੱਤੇ ਲਿਖ ਕੇ ਦੇਖ,
ਪੰਗਤੀਆਂ ਮੇਰਾ ਸਿਰਨਾਵਾਂ ਹੋਣਗੀਆਂ।

ਦਿਲ ਵਿਚ 'ਆਸ' ਦਾ ਬੂਟਾ ਲਾ ਕੇ ਬਹਿਜਾ 'ਨੂਰ'
ਆਪੇ ਸਿਰ ਤੋਂ ਦੂਰ ਖ਼ਿਜ਼ਾਵਾਂ ਹੋਣਗੀਆਂ।