ਮਰਨ ਭਲਾ ਹੈ ਬੁਰੀ ਜੁਦਾਈ

ਆ ਮਿਲ ਪਿਆਰੇ ਆ ਦੇਹ ਦਰਸ਼ਨ ।
ਇਸ ਦਰਸ਼ਨ ਨੂੰ ਅੱਖੀਆਂ ਤਰਸਨ ।
ਛਮ ਛਮ ਵਾਂਗ ਘਟਾ ਦੇ ਬਰਸਨ ।
ਰੋ ਰੋ ਛਹਿਬਰ ਖੂਬ ਲਗਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧।

ਮਿਹਰ ਕਰੀਂ ਪਾਵੀਂ ਇਕ ਫੇਰੀ ।
ਮੈਂ ਮੋਹੀ ਹਾਂ ਸੂਰਤ ਤੇਰੀ ।
ਤੁਧ ਬਿਨ ਆਏ ਗ਼ਮਾਂ ਨੇ ਘੇਰੀ ।
ਹੈ ਹੁਣ ਜਾਨ ਲਬਾਂ ਪਰ ਆਈ ।
ਮਰਨ ਭਲਾ ਹੈ ਬੁਰੀ ਜੁਦਾਈ ।੨।

ਕਿਥੋਂ ਢੂੰਢਾਂ ਕਿਧਰ ਜਾਵਾਂ ।
ਕਿਸ ਨੂੰ ਦਿਲ ਦਾ ਹਾਲ ਸੁਨਾਵਾਂ ।
ਹੈ ਹੈ ਕਰ ਕੇ ਵਖਤ ਲੰਘਾਵਾਂ ।
ਡਾਢਾ ਦੁਖ ਨਾ ਕੋਈ ਦਵਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੩।

ਤੇਰੇ ਕਾਰਨ ਤਾਨ੍ਹੇ ਮਾਰਨ ।
ਜਲੀ ਬਲੀ ਨੂੰ ਮੁੜ ਮੁੜ ਜਾਰਨ ।
ਦੂਤੀ ਦੁਸ਼ਮਨ ਖਲ ਉਤਾਰਨ ।
ਵੈਰੀ ਹੋਈ ਸਭ ਲੁਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੪।

ਤੁਧ ਬਿਨ ਹੋਈ ਮੈਂ ਮਸਤਾਨੀ ।
ਕਰਦੀ ਫਿਰਦੀ ਜਾਨੀ ਜਾਨੀ ।
ਲਾ ਗਿਓਂ ਵਿੱਚ ਜਿਗਰ ਦੇ ਕਾਨੀ ।
ਮੁੜ ਕੇ ਸਾਰ ਨਾ ਲਈਓ ਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੫।

ਹੈ ਬੇਦਰਦੀ ਦਰਦ ਨਾ ਆਇਆ ।
ਖੂਨੀ ਤੀਰ ਜਿਗਰ ਵਿੱਚ ਲਾਇਆ ।
ਹੋਸ਼ ਅਕਲ ਜਹਾਨ ਭੁਲਾਇਆ ।
ਮੇਰਾ ਦਰਦ ਨਾ ਕੀਤੋ ਰਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੬।

ਕੋਈ ਦਸੇ ਦਿਲਬਰ ਮੇਰਾ ।
ਜਿਸ ਨੇ ਦਿਲ ਵਿਚ ਕੀਤਾ ਡੇਰਾ ।
ਚੈਨ ਨਾ ਤਿਸ ਬਿਨ ਸੰਝ ਸਵੇਰਾ ।
ਕਿਤ ਵਲ ਦੇਵਾਂ ਜਾਹਿ ਦੁਹਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੭।

ਉਸ ਛਲਹਾਰੇ ਕਰ ਛਲ ਛਲੀਆਂ ।
ਰੋਂਦੀ ਫਿਰੀ ਮੈਂ ਵਿੱਚ ਗਲੀਆਂ ।
ਬਿਰਹੋਂ ਆਤਸ਼ ਦੇ ਵਿੱਚ ਬਲੀਆਂ ।
ਚਿਖਾ ਵਿਛੋੜੇ ਪਕੜ ਝੜਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੮।

ਸਭ ਜ਼ਮਾਨਾ ਖੇਲੇ ਹੱਸੇ ।
ਮੇਰਾ ਯਾਰ ਨਾ ਕੋਈ ਦੱਸੇ ।
ਓਹ ਹੁਣ ਕੇਹੜੀਂ ਦੇਸੀਂ ਵੱਸੇ ।
ਜਿਸ ਦੀ ਸੂਰਤ ਹੋਸ਼ ਭੁਲਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੯।

ਜਾਂ ਸਾਈਆਂ ਓਹ ਸਾਈਂ ਆਵੇ ।
ਨਹੀਂ ਤਾਂ ਜਿੰਦ ਨਿਕਲ ਕੇ ਜਾਵੇ ।
ਜੋ ਕੋਈ ਮੇਰਾ ਯਾਰ ਮਿਲਾਵੇ ।
ਉਸ ਉੱਤੋਂ ਮੈਂ ਘੋਲ ਘੁਮਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੦।

ਹੋ ਜੋਗਨ ਜੰਗਲ ਵਿੱਚ ਜਾਵਾਂ ।
ਗਲ ਵਿੱਚ ਜੁਲਫ਼ਾਂ ਵੇਸ ਵਟਾਵਾਂ ।
ਜਾ ਸੋਹਣੇ ਨੂੰ ਢੂੰਢ ਲਿਆਵਾਂ ।
ਜਿਸ ਨੇ ਚੋਟ ਜਿਗਰ ਵਿੱਚ ਲਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੧।

ਪਉਏ ਪਹਿਰ ਚਿਪੀ ਹਥ ਫੜਸਾਂ ।
ਹੋ ਬੈਰਾਗਨ ਬਨ ਵਿੱਚ ਵੜਸਾਂ ।
ਬਿਰਹੋਂ ਆਤਸ਼ ਅੰਦਰ ਸੜਸਾਂ ।
ਜੇ ਨਾ ਜਾਨੀ ਦੇ ਦਿਖਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੨।

ਸਈਓ ਚਰਖੇ ਚਾਇ ਉਠਾਵੋ ।
ਘਰ ਬਾਹਿਰ ਨੂੰ ਅਗ ਲਗਾਵੋ ।
ਏਕੋ ਗੀਤ ਸਜਨ ਦੇ ਗਾਵੋ ।
ਜਿਸ ਬਿਨ ਝੂਠੀ ਸਭ ਲੁਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੩।

ਕੋਠੇ ਤੇ ਚੜ੍ਹ ਦਿਆਂ ਦੁਹਾਈਆਂ ।
ਆ ਮਿਲ ਪਿਆਰੇ ਆ ਮਿਲ ਸਾਈਆਂ ।
ਤੂੰ ਮੇਰੇ ਮਨ ਕੇਹੀਆਂ ਲਾਈਆਂ ।
ਕਮਲੀ ਸ਼ਕਲ ਬੇਹੋਸ਼ ਬਨਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੪।

ਤੇਰਾ ਇਸ਼ਕ ਜਾਂ ਤਨ ਮੇਂ ਆਇਆ ।
ਸਾਕ ਅੰਗ ਦਾ ਸੰਗ ਛਡਾਇਆ ।
ਵੈਰੀ ਸਭ ਜਹਾਨ ਬਣਾਇਆ ।
ਨਾ ਕੋਈ ਭੈਣ ਨਾ ਬਾਬਲ ਮਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੫।

ਘਰ ਵਿੱਚ ਲੋਕ ਸੁਖੀ ਸਭ ਸਉਂਦੇ ।
ਆਸ਼ਕ ਫਿਰਨ ਉਜਾੜੀਂ ਭਉਂਦੇ ।
ਹਰ ਦਮ ਸਲ ਜਿਗਰ ਵਿੱਚ ਪਉਂਦੇ ।
ਤਨ ਮਨ ਵਾਲੀ ਹੋਸ਼ ਨ ਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੬।

ਆ ਮਿਲ ਪਿਆਰੇ ਨਾ ਕਰ ਅੜੀਆਂ ।
ਰਾਹ ਉਡੀਕਾਂ ਹਰ ਦਮ ਖੜੀਆਂ ।
ਰੋ ਰੋ ਨੈਨ ਲਗਾ ਰਹੇ ਝੜੀਆਂ ।
ਸਾਵਨ ਜਿਉਂ ਕਾਲੀ ਘਟ ਆਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੭।

ਮੇਰੇ ਦਿਲ ਦੀ ਮੈਂ ਹੀ ਜਾਨਾ ।
ਕਮਲੀ ਆਖੇ ਸਭ ਜ਼ਮਾਨਾ ।
ਦੀਵੇ ਪਰ ਜਲਿਆ ਪਰਵਾਨਾ ।
ਤਿਉਂ ਤੂੰ ਮੇਰੀ ਜਾਨ ਜਲਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੮।

ਲੋਕੀ ਮਤ ਆਪਣੀ ਦੱਸਨ ।
ਮੈਂ ਪਰ ਤੀਰ ਕਹਿਰ ਦੇ ਕੱਸਨ ।
ਖ਼ਫ਼ਤਨ ਝਲੀ ਕਹਿ ਕਹਿ ਹੱਸਨ ।
ਬੇਦਰਦਾਂ ਨੂੰ ਦਰਦ ਨ ਰਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੧੯।

ਤੁਧ ਬਿਨ ਪਿਆਰੇ ਕਿਸ ਨੂੰ ਬੋਲਾਂ ।
ਕਿਹ ਤੇ ਭੇਦ ਦਿਲੇ ਦੇ ਖੋਲਾਂ ।
ਹਰ ਦਮ ਵਾਂਗ ਪੱਖੇ ਦੇ ਡੋਲਾਂ ।
ਵੇਖ ਬੇਦਰਦਨ ਸਭ ਲੁਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੦।

ਪੇਕੇ ਸਹੁਰੇ ਕੂੜ ਬਹਾਨਾ ।
ਤੁਧ ਬਿਨ ਝੂਠਾ ਸਗਲ ਜ਼ਮਾਨਾ ।
ਪੜ੍ਹ ਕੇ ਡਿਠਾ ਬੇਦ ਕੁਰਾਨਾ ।
ਤਾਂ ਭੀ ਤੇਰੀ ਸਾਰ ਨਾ ਪਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੧।

ਮਿਹਰ ਕਰੇਂ ਫੇਰੀ ਇਕ ਪਾਵੇਂ ।
ਇਸ ਬੰਦੀ ਦੀ ਬੰਦ ਛੁਡਾਵੇਂ ।
ਅਪਨੀਂ ਹਥੀਂ ਮਾਰ ਗੁਵਾਵੇਂ ।
ਤਾਂ ਮੇਰੇ ਮਨ ਖੌਫ਼ ਨਾ ਰਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੨।

ਆ ਮਿਲ ਪਿਆਰੇ ਆ ਲਗ ਛਾਤੀ ।
ਤੁਧ ਬਿਨ ਜਾਏ ਕਹਿਰ ਦੀ ਰਾਤੀ ।
ਲਾ ਕੇ ਵਿੱਚ ਜਿਗਰ ਦੇ ਕਾਤੀ ।
ਮੁੜਕੇ ਸਾਰ ਨਾ ਲਈਓ ਕਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੩।

ਆ ਹੁਣ ਆ ਜਾ ਦਿਲ ਦੇ ਅੰਦਰ ।
ਤੁਧ ਬਿਨ ਦਿਸਨ ਖਾਲੀ ਮੰਦਰ ।
ਤੈਨੂੰ ਭਾਲਨ ਸ਼ਾਹ ਕਲੰਦਰ ।
ਮੈਂ ਤੇਰੇ ਤੋਂ ਘੋਲ ਘੁਮਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੪।

ਵਾਹ ਵਾਹ ਪਿਆਰੇ ਵਾਹ ਵਾਹ ਜਾਨੀ ।
ਤੂੰ ਸਾਗਰ ਮੈਂ ਬੂੰਦ ਨਿਮਾਣੀ ।
ਰਿਹਾ ਨਾ ਮੇਰਾ ਨਾਮ ਨਿਸ਼ਾਨੀ ।
ਤੂੰ ਕਰ ਕਰ ਵਿੱਚ ਸਮਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੫।

ਪਾਲ ਸਿੰਘ ਤੂੰ ਆਪੇ ਸੋਈ ।
ਜਿਸ ਦੀ ਤੁਲ ਨਾ ਦੂਜਾ ਕੋਈ ।
ਹੁਣ ਮਿਲ ਉਸ ਨੂੰ ਓਹੀ ਹੋਈ ।
ਲਹਿਰ ਸਮੁੰਦਰ ਵਿੱਚ ਸਮਾਈ ।
ਮਰਨ ਭਲਾ ਹੈ ਬੁਰੀ ਜੁਦਾਈ ।੨੬।