ਤੈਂ ਪਰ ਮੇਰੀ ਜਾਨ ਫ਼ਿਦਾ

ਸਾਕੀ ਐਸਾ ਜਾਮ ਪਿਲਾਨਾ ।
ਜਿਸ ਪੀ ਹੋ ਜਾਊਂ ਦੀਵਾਨਾ ।
ਮਸਤ ਬੇਹੋਸ਼ ਮਿਸਲ ਪਰਵਾਨਾ ।
ਜਲ ਜਾਊਂ ਦਿਲਬਰ ਪਰ ਜਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧।

ਸੁਣ ਪਿਆਰੇ ਇਕ ਅਰਜ਼ ਹਮਾਰੀ ।
ਮੁਝਕੋ ਮਾਰੋ ਖੈਂਚ ਕਟਾਰੀ ।
ਜਾਂ ਸਾਨੂੰ ਆ ਮਿਲ ਇਕ ਵਾਰੀ ।
ਹਰ ਦਮ ਮੈਨੂੰ ਨਾ ਤਰਸਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੨।

ਲੋਕਾਂ ਸਾਥ ਕਰੇਂ ਅਸ਼ਨਾਈ ।
ਔਰ ਹਮਾਰੇ ਸੰਗ ਲੜਾਈ ।
ਤੇਰੇ ਕੂਚੇ ਦਿਆਂ ਦੁਹਾਈ ।
ਕਬੀ ਤੋ ਗਲ ਸੇ ਆਨ ਲਗਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੩।

ਆ ਮਿਲ ਸੋਹਣੀ ਸ਼ਕਲ ਪਿਆਰੀ ।
ਤੈਂ ਬਿਨ ਸੀਨੇ ਵਿਚ ਕਟਾਰੀ ।
ਦੂਜੀ ਵੈਰੀ ਖ਼ਲਕਤ ਸਾਰੀ ।
ਮੂਲ ਨਾ ਮੈਥੀਂ ਮੁੱਖ ਛਪਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੪।

ਜਿਧਰ ਜਾਵਾਂ ਜੰਗ ਲੜਾਈਆਂ ।
ਹਾਇ ਮੈਂ ਭੁਲ ਅੱਖੀਆਂ ਲਾਈਆਂ ।
ਭੜਕਣ ਅੱਗਾਂ ਦੂਣ ਸਵਾਈਆਂ ।
ਇਸ਼ਕੇ ਦਿਤਾ ਸ਼ੋਰ ਮਚਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੫।

ਜਬ ਕਾ ਤੇਰਾ ਹੂਆ ਨਜ਼ਾਰਾ ।
ਜਿਉਂ ਕਰ ਬਿਜਲੀ ਦਾ ਚਮਕਾਰਾ ।
ਹੋ ਗਿਆ ਏਹ ਦਿਲ ਪਾਰਾ ਪਾਰਾ ।
ਦਿਤਾ ਅਪਨਾ ਆਪ ਗਵਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੬।

ਤੇਰੇ ਨੈਣ ਜਿਵੇਂ ਤਲਵਾਰਾਂ ।
ਫਟੇ ਆਸ਼ਕ ਬੇਸ਼ੁਮਾਰਾਂ ।
ਰੋਂਦੇ ਫਿਰਦੇ ਜੰਗਲ ਬਾਰਾਂ ।
ਮੂਲ ਨਾ ਮੈਥੀਂ ਸਚ ਪੁਛਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੭।

ਦਸੋ ਗਲ ਤੁਮਾਰੀ ਆਵਾਂ ।
ਚਾਹੇ ਉਲਟੀ ਖੱਲ ਲੁਹਾਵਾਂ ।
ਤਾਂ ਭੀ ਪਿਛੇ ਕਦਮ ਨਾ ਪਾਵਾਂ ।
ਖੰਜਰ ਮਾਰ ਲਵੋ ਅਜ਼ਮਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੮।

ਹਮ ਤੇਰੇ ਪਰ ਹੂਏ ਦੀਵਾਨੇ ।
ਦੀਵੇ ਪਰ ਜੈਸੇ ਪਰਵਾਨੇ ।
ਜਿਸਨੂੰ ਲਗੇ ਵੋਹੀ ਜਾਨੇ ।
ਬੇਖ਼ਬਰਾਂ ਨੂੰ ਖ਼ਬਰ ਨਾ ਕਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੯।

ਤੂੰ ਹੈਂ ਸਾਗਰ ਹੁਸਨ ਪਿਆਰੇ ।
ਹਮ ਭੀ ਕਤਰੇ ਹੈਂ ਤੁਮਾਰੇ ।
ਆ ਹੁਣ ਜ਼ਾਹਿਰ ਦੇ ਨਜ਼ਾਰੇ ।
ਮੁਖ ਤੋਂ ਪੜਦਾ ਚਾਇ ਉਠਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੦।

ਤੁਧ ਬਿਨ ਦੁਖੀ ਰੋਜ ਵਿਹਾਵਨ ।
ਬਰਸਨ ਨੈਣ ਬਰਸ ਝੜ ਲਾਵਨ ।
ਸਾਵਨ ਜਿਉਂ ਬਾਦਲ ਬਰਸਾਵਨ ।
ਰੋ ਰੋ ਦਿਤਾ ਬਹਿਰ ਵਗਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੧।

ਮੈਂ ਜੀਵਾਂ ਮੁਖ ਦੇਖਾਂ ਤੇਰਾ ।
ਸੁਪਨੇ ਅੰਦਰ ਕਰ ਇਕ ਫੇਰਾ ।
ਦਿਲ ਵਿਚ ਆ ਗਿਆ ਦਿਲਬਰ ਮੇਰਾ ।
ਕਿਆ ਦੇਖਾਂ ਮੱਕੇ ਮੈਂ ਜਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੨।

ਦੰਮ ਦੰਮ ਤੇਰਾ ਹੀ ਦੰਮ ਭਰਸਾਂ ।
ਜਾਂ ਤੂੰ ਜਾਸੇਂ ਤਾਂ ਮੈਂ ਮਰਸਾਂ ।
ਜਾਨ ਕੁਰਬਾਨ ਤੇਰੇ ਪਰ ਕਰਸਾਂ ।
ਤੂੰ ਭੀ ਮੈਨੂੰ ਨਾਹਿ ਭੁਲਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੩।

ਸਾਕ ਅੰਗ ਸਭ ਦੂਰ ਸਿਧਾਰੇ ।
ਭਾਈ ਮੁਲਾਂ ਝੂਠੇ ਸਾਰੇ ।
ਬੇਦ ਕੁਰਾਨ ਨ ਕਾਮ ਹਮਾਰੇ ।
ਰਾਜ ਕਾਜ ਕੋ ਆਗ ਲਗਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੪।

ਮੈਂ ਇਕ ਚਾਹੂੰ ਦਰਸ ਤੁਮਾਰਾ ।
ਤੁਧ ਬਿਨ ਕੂੜ ਸਗਲ ਸੰਸਾਰਾ ।
ਜੇ ਤੂੰ ਦੋਸਤ ਹੈਂ ਹਮਾਰਾ ।
ਮੈਨੂੰ ਅਪਨੇ ਸੰਗ ਮਿਲਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੫।

ਕਹਿੰਦੇ ਆਰਫ਼ ਲੋਕ ਸਿਆਣੇ ।
ਤੂੰ ਹਰ ਰੰਗੀ ਮੌਜਾਂ ਮਾਣੇ ।
ਬਾਹਰ ਢੂੰਢਨ ਲੋਕ ਦੀਵਾਨੇ ।
ਤੈਨੂੰ ਤੁਧ ਬਿਨ ਲਖੇ ਨਾ ਕਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੬।

ਹਾਇ ਹਾਇ ਪਿਆਰੇ ਕਿਉਂ ਮੁਖ ਮੋੜੇਂ ।
ਯਾਰੀ ਲਾਇ ਮੁਹਬਤ ਤੋੜੇਂ ।
ਸਾਥੋਂ ਤੋੜ ਔਰ ਸੰਗ ਜੋੜੇਂ ।
ਚਲਿਓਂ ਦਿਲ ਦਾ ਚੈਨ ਚੁਰਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੭।

ਜੇਕਰ ਹੋਵੇ ਵਸਲ ਤੁਮਾਰਾ ।
ਇਹ ਦਿਲ ਟੁਟਾ ਜੁੜੇ ਹਮਾਰਾ ।
ਖ਼ਾਬ ਖ਼ਿਆਲ ਦਿਸੇ ਜਗ ਸਾਰਾ ।
ਐਸੀ ਮਸਤ ਸ਼ਰਾਬ ਪਿਲਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੮।

ਤੈਨੂੰ ਮਿਲ ਜੋ ਲੱਜਤ ਪਾਈ ।
ਸੋ ਮੈਂ ਕਿਸਨੂੰ ਕਹਾਂ ਸੁਣਾਈ ।
ਕਹਿਣੇ ਸੁਣਨੇ ਵਿਚ ਨਾ ਆਈ ।
ਓਸ ਜਗਾ ਪਰ ਬੰਦ ਜੁਬਾਂ ।
ਤੈਂ ਪਰ ਮੇਰੀ ਜਾਨ ਫ਼ਿਦਾ ।੧੯।

ਜਾਂ ਮੈਂ ਅਪਨਾ ਆਪ ਗਵਾਇਆ ।
ਹਰ ਰੰਗ ਆਪੇ ਆਪ ਸਮਾਇਆ ।
ਖ਼ੁਦੀ ਛੋਡ ਖ਼ੁਦਾਉ ਕਹਾਇਆ ।
ਗਿਆ ਸਮੁੰਦ ਹਬਾਬ ਸਮਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੨੦।

ਪਾਲ ਸਿੰਘ ਆਰਫ਼ ਸੁਣ ਪਿਆਰੇ ।
ਤੇਰੇ ਹੀ ਸਭ ਰੰਗ ਪਸਾਰੇ ।
ਮੈ ਮੈ ਛੋਡੀ ਸਭੀ ਹਮਾਰੇ ।
ਤੂੰ ਮੈਂ ਅੰਦਰ ਫ਼ਰਕ ਨਾ ਕਾ ।
ਤੈਂ ਪਰ ਮੇਰੀ ਜਾਨ ਫ਼ਿਦਾ ।੨੧।