ਬਣ ਡਿੱਠੀਆਂ ਨੈਣ ਤਰਸਦੇ ਨੀ

ਜਬ ਮਾਸ਼ੂਕ ਨੈਣ ਲੜਾਵਣ ।
ਆਸ਼ਕ ਤੁਰਤ ਕਤਲ ਹੋ ਜਾਵਣ ।
ਮਰਨੋ ਰਤੀ ਖ਼ੌਫ਼ ਨਾ ਖਾਵਣ ।
ਦੇਖ ਸੂਲੀਆਂ ਹਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੧।

ਜ਼ੁਲਫ਼ ਪਿਆਰੇ ਵਾਲੀ ਕਾਲੀ ।
ਜਿਉਂ ਕਰ ਨਾਗ ਲਟਕਦੇ ਡਾਲੀ ।
ਦੇਖ ਮਹਬੂਬਾਂ ਲਾਈ ਜਾਲੀ ।
ਜਾ ਆਸ਼ਕ ਵਿਚ ਫਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੨।

ਨੈਣਾ ਵਾਲੀ ਬੁਰੀ ਕਟਾਰੀ ।
ਏਨਾ ਕੁਠੀ ਖ਼ਲਕਤ ਸਾਰੀ ।
ਜਿਥੇ ਦੇਖਨ ਸੂਰਤਿ ਪਿਆਰੀ ।
ਜਾਣ ਉਤੇ ਵਲ ਨਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੩।

ਜੇ ਨਾ ਜਾਨੀ ਮੁਖ ਦਿਖਾਵੇ ।
ਆਸ਼ਕ ਦੀ ਜਿੰਦ ਗੋਤੇ ਖਾਵੇ ।
ਬ੍ਰਿਹੋਂ ਆਤਸ਼ ਜਿਗਰ ਜਲਾਵੇ ।
ਛਮ ਛਮ ਨੈਣ ਬਰਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੪।

ਭੌਰੇ ਫੁਲਾਂ ਪ੍ਰੀਤਿ ਲਗਾਈ ।
ਬੁਲਬੁਲ ਦੇਂਦੀ ਫਿਰੇ ਦੁਹਾਈ ।
ਹੈ ਕਿਉਂ ਖ਼ਿਜ਼ਾਂ ਚਮਨ ਮੇਂ ਆਈ ।
ਦਿਲ ਜਾਨੀ ਦਿਲ ਖਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੫।

ਜੇ ਨੈਣ ਸੇ ਨੈਣ ਮਿਲਾਈਏ ।
ਯਾ ਰਬ ਰਖੇ ਤਾਂ ਮੁੜ ਆਈਏ ।
ਕੀ ਕੁਛ ਦਿਲ ਦਾ ਹਾਲ ਸੁਨਾਈਏ ।
ਤੀਰ ਜਿਗਰ ਵਿਚ ਧਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੬।

ਲਗੀ ਜਿਨ੍ਹਾਂ ਨੂੰ ਜਿਗਰ ਹਰਾਨੀ ।
ਵੋਹੀ ਕਰਦੇ ਜਾਨੀ ਜਾਨੀ ।
ਤੜਫਨ ਜਿਉਂ ਮਛਲੀ ਬਿਨ ਪਾਨੀ ।
ਐਪਰ ਭੇਦ ਨਾ ਦਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੭।

ਕਈ ਅੱਗਾਂ ਵਿਚ ਜਲਾਏ ।
ਕਈ ਸੂਲੀ ਪਕੜ ਝੜਾਏ ।
ਨੈਣਾਂ ਲਖ ਫ਼ਕੀਰ ਬਣਾਏ ।
ਜਾ ਜੰਗਲ ਵਿਚ ਵਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੮।

ਆਸ਼ਕ ਹੋਏ ਮਸਤ ਦੀਵਾਨੇ ।
ਉਨ ਕੋ ਉਨ ਬਿਨ ਕੋਇ ਨਾ ਜਾਨੇ ।
ਲੋਕੀ ਝੂਠੇ ਮਾਰਨ ਤਾਨੇ ।
ਨਾਗ ਜਿਵੇਂ ਕਰ ਡਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੯।

ਜਿਨ੍ਹਾਂ ਪੀਤੇ ਪ੍ਰੇਮ ਪਿਆਲੇ ।
ਸੋਈ ਮਸਤ ਰਹਿਨ ਹਰ ਹਾਲੇ ।
ਦੇਖ ਤਰੰਗ ਹੋਏ ਮਤਵਾਲੇ ।
ਜਾਇ ਸ਼ਮਾ ਵਿਚ ਧਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੧੦।

ਪਾਲ ਸਿੰਘ ਏਹ ਬੁਰੀਆਂ ਅੱਖੀਂ ।
ਮਿਰਜੇ ਜਹੇ ਜਲਾਏ ਕੱਖੀਂ ।
ਸੰਭਲ ਕਦਮ ਅਗੇਰੇ ਰੱਖੀਂ ।
ਤੀਰ ਕਹਿਰ ਦੇ ਕਸਦੇ ਨੀ ।
ਬਿਨ ਡਿਠਿਆਂ ਨੈਣ ਤਰਸਦੇ ਨੀ ।੧੧।