ਪਾਹਲੋਂ ਵੇੜ੍ਹਾ ਹੱਦ ਬੰਦਾ ਏ

ਪਾਹਲੋਂ ਵੇੜ੍ਹਾ ਹੱਦ ਬੰਦਾ ਏ
ਮੁੜ ਜਾ ਰੋੜਾ ਕਦ ਬੰਦਾ ਏ

ਅਣਖ ਦਾ ਲੰਬੂ ਪਾਹਲੋਂ ਤੱਤਾ
ਬਣ ਦਾ ਬਣ ਦਾ ਠੁੱਡ ਬੰਦਾ ਏ

ਵੇਖ ਕੇ ਤੈਨੂੰ ਸੰਭਲਣ ਤੀਕਰ
ਚੋਖਾ ਸਾਰਾ ਪੱਧ ਬੰਦਾ ਏ

ਹਾਲੀ ਰੰਗਾਂ ਓਲ੍ਹੇ ਬੈਠਾਂ
ਵੇਖੋ ਮੰਜ਼ਰ ਕਦ ਬੰਦਾ ਏ

ਲਾਸ਼ ਤੋਂ ਖੋਂਵੇਂ ਪਰਛਾਵਾਂ ਤੇ
ਮੁੜ ਹਸਤੀ ਦਾ ਰੱਦ ਬੰਦਾ ਏ

ਅਪਣੇ ਆਪ ਚੋਂ ਆਪੇ ਨਿਕਲੇ
ਬੰਦਾ ਬਣਦਾ ਤਦ ਬੰਦਾ ਏ

ਮੈਨੂੰ ਪੂਰਾ ਹਿੱਸਾ ਦੇਵੋ
ਮੇਰਾ ਮੈਂ ਵਿਚ ਅੱਧ ਬੰਦਾ ਏ

ਰਸ ਕੇ ਟੁਰਿਆ ਜਾਂਦਾ ਈ ਨਾਸਿਰ
ਤੇਰਾ ਮਗਰੋਂ ਸੱਦ ਬੰਦਾ ਏ