ਜੇ ਏਸ ਰਾਤ ਸਵੇਰਾ ਹੋਣਾ ਏਂ

ਜੇ ਏਸ ਰਾਤ ਸਵੇਰਾ ਹੋਣਾ ਏਂ
ਮੁੜ ਤਾਂ ਤੂੰ ਵੀ ਮੇਰਾ ਹੋਣਾ ਏਂ

ਮੈਂ ਹੋਣਾ ਏਂ ਆਪਣੇ ਓਲ੍ਹੇ
ਰੋਂਦਾ ਚਾਰ ਚੁਫ਼ੇਰਾ ਹੋਣਾ ਏਂ

ਮੈਨੂੰ ਜਿਊਂਦਾ ਰੱਖਣ ਦੇ ਲਈ
ਮੇਰਾ ਮਰਨ ਬਤੇਰਾ ਹੋਣਾ ਏਂ

ਹਿੱਕ ਵਾਰੀ ਮਨ ਵੇਖੀਂ ਦਿਲ ਦੀ
ਮੁੜ ਕੇ ਹਾਲ ਜੋ ਤੇਰਾ ਹੋਣਾ ਏਂ

ਐਵੇਂ ਕਿਸੇ ਨਹੀਂ ਤੈਨੂੰ ਸੱਦਿਆ
ਓਥੇ ਘੁੱਪ ਹਨੇਰਾ ਹੋਣਾ ਏਂ

ਤੂੰ ਵੜ੍ਹਨਾ ਏਂ ਵੇੜ੍ਹੇ ਮੇਰੇ
ਮੁੜ ਹਰ ਕਦ ਬਨੇਰਾ ਹੋਣਾ ਏਂ

ਜਿਥੇ ਡੁੱਬਿਆ ਸਾਂ ਮੈਂ ਓਥੇ
ਅੱਜ ਵੀ ਘੁੰਮਣ ਘੇਰਾ ਹੋਣਾ ਏਂ

ਮੌਤ ਦੇ ਵੇੜ੍ਹੇ ਤੇਰਾ ਨਾਸਿਰ
ਜੋਗੀ ਆਲ਼ਾ ਫੇਰਾ ਹੋਣਾ ਏਂ