ਸਿੱਖ ਚੱਜ ਕੋਈ ਯਾਰ ਮਨਾਵਣ ਦਾ

ਅੱਜ ਚਾਰ ਚੁਫ਼ੇਰੇ ਧੁੰਮਾਂ ਨੇਂ
ਅੱਜ ਚਰਚਾ ਉਹਦੇ ਆਵਣ ਦਾ
ਅਰਸ਼ਾਂ ਤੋਂ ਲੈ ਕੇ ਫ਼ਰਸ਼ਾਂ ਤੱਕ
ਵਸਿਆ ਏ ਬਦਲ ਸਾਵਣ ਦਾ
ਏਸ ਆਪਾ ਧਾਪੀ ਦੁਨੀਆ ਵਿਚ
ਮੰਜ਼ਿਲ ਤੇ ਪੁੱਜਣਾ ਔਖਾ ਏ
ਫੜ ਬਾਹੂ ਵਰਗਾ ਮੁਰਸ਼ਦ ਤੂੰ
ਸਿੱਖ ਚੱਜ ਕੋਈ ਯਾਰ ਮਨਾਵਣ ਦਾ

ਹੱਕ ਸੱਚ ਦਾ ਝੰਡਾ ਚੁੱਕਣ ਲਈ
ਨੇਜ਼ੇ ਤੇ ਚੜ੍ਹਨਾ ਪੈਂਦਾ ਏ
ਵੱਲ ਸਿੱਖ ਲੈ ਕਰਬਲ ਰਾਹੀਆਂ ਤੋਂ
ਲੱਗੀਆਂ ਨੂੰ ਤੋੜ ਨਭਾਵਣ ਦਾ
ਹੁਣ ਹਿਜਰ ਨਬੀ ਦੇ ਵਿਚ ਯਾਰੋ
ਦਿਲ ਬੁਝਿਆ ਬੁਝਿਆ ਰਹਿੰਦਾ ਏ
ਅੱਖੀਆਂ ਚੋਂ ਅੱਥਰੂ ਕਿਰਦੇ ਨੇਂ
ਜਿਉਂ ਵਰ੍ਹਦਾ ਏ ਮੀਂਹ ਸਾਵਣ ਦਾ
ਔਖ ਦੇ ਵੇਲੇ ਸਭ ਰਲ ਕੇ
ਪੜ੍ਹੋ ਲਾ ਇਲਾਹਾ ਇਲ ਅੱਲਾਹ

ਇਹ ਸਭ ਤੋਂ ਸੱਚਾ ਨੁਸਖ਼ਾ ਏ
ਜਿੰਦੜੀ ਦੇ ਰੋਗ ਮਿਟਾਵਣ ਦਾ
ਰਾਜੇ ਨੂੰ ਪਰਜਾ ਕਹਿੰਦੀ ਏ
ਕਿਉਂ ਡੱਕੋ ਡੋਲੇ ਖਾਨਾ ਏਂ
ਭੁਲ ਜਾ ਤੂੰ ਹਰ ਇੱਕ ਰਸਤੇ ਨੂੰ
ਫੜ ਰਾਹ ਮਦੀਨੇ ਜਾਵਣ ਦਾ

ਹਵਾਲਾ: ਮੈਂ ਤਿੰਨ ਦਰਦ ਔਲੇ, ਰਾਜਾ ਰਸਾਲੂ; ਸਾਂਝ ਲਾਹੌਰ; ਸਫ਼ਾ 27 ( ਹਵਾਲਾ ਵੇਖੋ )