ਤਾਰਾ ਤਾਰਾ ਦਹਿਕ ਰਿਹਾ ਏ

ਤਾਰਾ ਤਾਰਾ ਦਹਿਕ ਰਿਹਾ ਏ
ਅੰਬਰ ਸਾਰਾ ਦਹਿਕ ਰਿਹਾ ਏ

ਇੰਜ ਲਗਦਾ ਏ ਸੀਨੇ ਅੰਦਰ
ਕੋਈ ਅੰਗਾਰਾ ਦਹਿਕ ਰਿਹਾ ਏ

ਤੇਰੇ ਹੋਂਠ ਦਾ ਗ਼ਜ਼ਲਾਂ ਅੰਦਰ
ਇਸਤਿਆਰਾ ਦਹਿਕ ਰਿਹਾ ਏ

ਵੇਖੀਂ ਮੈਨੂੰ ਹੱਥ ਨਾ ਲਾਵੀਂ
ਪਿੰਡਾ ਸਾਰਾ ਦਹਿਕ ਰਿਹਾ ਏ

ਕੱਚੇ ਘਰ ਵਿਚ ਕੌਣ ਹੈ ਆਇਆ
ਮਿੱਟੀ ਗਾਰਾ ਦਹਿਕ ਰਿਹਾ ਏ

ਮੇਰੀ ਅੱਖ ਦਾ ਯਾਰ ਸਗ਼ੀਰਾ
ਫ਼ਿਰ ਕਿਨਾਰਾ ਦਹਿਕ ਰਿਹਾ ਏ